#OTHERS

ਨੋਕੀਆ ਵੱਲੋਂ ਦੁਨੀਆਂ ਭਰ ‘ਚ ਆਪਣੇ 14 ਹਜ਼ਾਰ ਮੁਲਾਜ਼ਮਾਂ ਦੀ ਛਾਂਟੀ ਦੀ ਯੋਜਨਾ

ਹੈਲਿੰਸਕੀ, 20 ਅਕਤੂਬਰ (ਪੰਜਾਬ ਮੇਲ)- ਟੈਲੀਕਾਮ ਉਪਕਰਨ ਬਣਾਉਣ ਵਾਲੀ ਕੰਪਨੀ ਨੋਕੀਆ ਨੇ ਅੱਜ ਕਿਹਾ ਕਿ ਉਹ ਤੀਜੀ ਤਿਮਾਹੀ ‘ਚ ਵਿਕਰੀ ਅਤੇ ਮੁਨਾਫ਼ੇ ‘ਚ ਗਿਰਾਵਟ ਮਗਰੋਂ ਲਾਗਤ ਘਟਾਉਣ ਲਈ ਦੁਨੀਆਂ ਭਰ ‘ਚ ਆਪਣੇ 14,000 ਮੁਲਾਜ਼ਮਾਂ ਜਾਂ ਅਮਲੇ ਦੀ 16 ਫ਼ੀਸਦੀ ਤੱਕ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਫਿਨਲੈਂਡ ਦੀ ਕੰਪਨੀ ਨੇ ਕਿਹਾ ਕਿ ਇਸ ਕਦਮ ਦਾ ਮਕਸਦ ”ਮਾਰਕੀਟ ਦੀ ਮੌਜੂਦਾ ਬੇਯਕੀਨੀ ਨਾਲ ਨਜਿੱਠਣ ਲਈ’ ਲਾਗਤ ਘਟਾਉਣਾ ਅਤੇ ਪ੍ਰਬੰਧਾਂ ਨੂੰ ਸੁਧਾਰਨਾ ਹੈ। ਨੋਕੀਆ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਕੰਪਨੀ ਦਾ ਉਦੇਸ਼ 2026 ਦੇ ਅੰਤ ਤੱਕ ਆਪਣੇ ਲਾਗਤ ਆਧਾਰ ‘ਚ 80 ਕਰੋੜ ਯੂਰੋ (843 ਅਰਬ ਡਾਲਰ) ਤੋਂ 1.2 ਅਰਬ ਯੂਰੋ ਵਿਚਾਲੇ ਕਮੀ ਲਿਆਉਣਾ ਹੈ। ਇਸ ਕਦਮ ਨਾਲ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ ਘਟ ਕੇ 72,000 ਤੋਂ 77,000 ਦੇ ਵਿਚਾਲੇ ਰਹਿ ਜਾਵੇਗੀ, ਜਿਹੜੀ ਹੁਣ 86,000 ਹਜ਼ਾਰ ਹੈ। ਮਾਲੀਏ ਦੇ ਹਿਸਾਬ ਨਾਲ ਕੰਪਨੀ ਦੀ ਸਭ ਤੋਂ ਵੱਡੀ ਯੂਨਿਟ ਮੋਬਾਈਲ ਨੈੱਟਵਰਕ ਕਾਰੋਬਾਰ ਦੀ ਆਮਦਨ 24 ਫ਼ੀਸਦ ਘਟ ਕੇ 2.16 ਅਰਬ ਯੂਰੋ ਰਹਿ ਗਈ ਹੈ। ਇਸ ਯੂਨਿਟ ਦੇ ਸੰਚਾਲਨ ਲਾਭ ‘ਚ 64 ਫ਼ੀਸਦੀ ਗਿਰਾਵਟ ਆਈ ਹੈ। ਇਸ ਦਾ ਮੁੱਖ ਕਾਰਨ ਉੱਤਰੀ ਅਮਰੀਕੀ ਬਾਜ਼ਾਰ ਦਾ ਕਮਜ਼ੋਰ ਰੁਖ਼ ਰਿਹਾ।

Leave a comment