#AMERICA

ਨੈਵ ਗੁਰਮ ਨੂੰ ਫਰਿਜ਼ਨੋ ਸਿਟੀ ਕੌਂਸਲ ਮੈਂਬਰ ਦੀ ਚੋਣ ਲਈ ਪੰਜਾਬੀ ਤੇ ਅਮਰੀਕਨ ਭਾਈਚਾਰੇ ਵੱਲੋਂ ਮਿਲਿਆ ਭਰਵਾਂ ਹੁੰਗਾਰਾ

ਫਰਿਜ਼ਨੋ, 4 ਫਰਵਰੀ (ਪੰਜਾਬ ਮੇਲ)- ਫਰਿਜ਼ਨੋ ਦੇ ਵਸਨੀਕ ਅਮਰੀਕਾ ਦੇ ਜਨਮੇ ਨੌਜਵਾਨ ਗੱਭਰੂ ਨਵਕਰਨ ਸਿੰਘ ਗੁਰਮ, ਜਿਸ ਨੂੰ ਸਮੁੱਚੇ ਭਾਈਚਾਰੇ ਵਿਚ ”ਨੈਵ ਗੁਰਮ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੋ ਇੱਥੋਂ ਦੀ ਕਾਨੂੰਨੀ ਵਿਦਿਆ ਵਿਚ ਗ੍ਰੈਜੂਏਟ ਹਨ ਅਤੇ ਭਾਈਚਾਰਕ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਹਨ। ਇਨ੍ਹਾਂ ਨੇ ਹੁਣ ਫਰਿਜ਼ਨੋ ਸਿਟੀ ਵਿਚ ਜੂਨ ਮਹੀਨੇ ਹੋਣ ਜਾ ਰਹੀ ਸਿਟੀ ਕੌਂਸਲ ਦੀ ਚੋਣ ਲੜਨੀ ਹੈ, ਜਿਸ ਲਈ ਸਮੁੱਚੇ ਭਾਈਚਾਰੇ ਨੇ ਰਲ ਕੇ ਇਕ ਫੰਡ ਇਕੱਤਰਤਾ ਕਲੋਵਸ ਸ਼ਹਿਰ ਵਿਖੇ ਕੀਤੀ। ਜਿਸ ਵਿਚ ਵੱਖ-ਵੱਖ ਸੰਸਥਾਵਾਂ ਅਤੇ ਅਦਾਰਿਆਂ ਨਾਲ ਸਬੰਧਤ ਪੰਜਾਬੀ ਭਾਈਚਾਰੇ ਅਤੇ ਅਮਰੀਕਨ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਹੋਰ ਸਹਿਯੋਗੀਆਂ ਨੇ ਸ਼ਿਰਕਤ ਕੀਤੀ। ਇਸ ਸਮੇਂ ਖਾਸ ਤੌਰ ‘ਤੇ ਆਪਣੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਉਣ ਲਈ ਫਰਿਜ਼ਨੋ ਸ਼ਹਿਰ ਦੇ ਮੇਅਰ ਜੈਰੀ ਡਾਇਰ ਅਤੇ ਸਿਟੀ ਕੌਂਸਲ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਹੋਰ ਵੀ ਬਹੁਤ ਸਾਰੇ ਬੁਲਾਰਿਆਂ ਨੇ ਨੈਵ ਗੁਰਮ ਦੀਆਂ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ।
ਇਸ ਸਮੇਂ ਬੋਲਦੇ ਹੋਏ ਨੈਵ ਗੁਰਮ ਨੇ ਭਾਈਚਾਰੇ ਲਈਂ ਆਪਣੀਆ ਸੇਵਾਵਾਂ ਅਤੇ ਫਰਿਜ਼ਨੋ ਸ਼ਹਿਰ ਲਈ ਭਵਿੱਖ ਸਿਟੀ ਕੌਂਸਲ ਦੇ ਮੈਂਬਰ ਬਣਨ ਉਪਰੰਤ ਭਾਈਚਾਰਕ ਕਾਰਜਾਂ ਦਾ ਜ਼ਿਕਰ ਕੀਤਾ।