-ਨਵੀਂ ਬਾਲੇਨ ਸਰਕਾਰ ਨੇ ਜਾਂਚ ਰਿਪੋਰਟ ਦੇ ਆਧਾਰ ‘ਤੇ ਕਾਰਵਾਈ
ਕਾਠਮੰਡੂ, 29 ਮਾਰਚ (ਪੰਜਾਬ ਮੇਲ)- ਨੇਪਾਲ ‘ਚ ਪਿਛਲੇ ਸਾਲ ਸਤੰਬਰ ‘ਚ ਹੋਏ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਖ਼ਿਲਾਫ਼ ਕਾਰਵਾਈ ਕਰਨ ਦੇ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਤੇ ਸਾਬਕਾ ਗ੍ਰਹਿ ਮੰਤਰੀ ਤੇ ਨੇਪਾਲੀ ਕਾਂਗਰਸ ਆਗੂ ਰਮੇਸ਼ ਲੇਖਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦੀ ਅਗਵਾਈ ਹੇਠ ਬਣੀ ਨਵੀਂ ਸਰਕਾਰ ਨੇ ਜਾਂਚ ਕਮਿਸ਼ਨ ਦੀ ਰਿਪੋਰਟ ਲਾਗੂ ਕਰਦਿਆਂ ਇਹ ਕਾਰਵਾਈ ਕੀਤੀ ਹੈ। ਜਾਂਚ ਕਮਿਸ਼ਨ ਨੇ ਓਲੀ ਅਤੇ ਲੇਖਕ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ। ਇਸੇ ਦੌਰਾਨ ਓਲੀ ਅਤੇ ਲੇਖਕ ਦੀ ਗ੍ਰਿਫ਼ਤਾਰੀ ਵਿਰੁੱਧ ਸੀ.ਪੀ.ਐੱਨ. (ਯੂ.ਐੱਮ.ਐੱਲ.) ਨੇ ਬਾਲੇਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਜਾਂਚ ਰਿਪੋਰਟ ਦੀਆਂ ਕਾਪੀਆਂ ਸਾੜੀਆਂ।
ਪਿਛਲੇ ਸਾਲ 8 ਅਤੇ 9 ਸਤੰਬਰ ਨੂੰ ‘ਜੈੱਨ ਜ਼ੀ’ ਅੰਦੋਲਨ ਨੂੰ ਦਬਾਉਣ ਲਈ ਓਲੀ ਦੀ ਅਗਵਾਈ ਹੇਠਲੀ ਸਰਕਾਰ ਨੇ ਕਾਰਵਾਈ ਕੀਤੀ ਸੀ, ਜਿਸ ‘ਚ ਕਰੀਬ ਦੋ ਦਰਜਨ ਨੌਜਵਾਨਾਂ ਸਮੇਤ 76 ਵਿਅਕਤੀ ਮਾਰੇ ਗਏ ਸਨ।
ਬਾਲੇਂਦਰ ਸ਼ਾਹ ਦੀ ਅਗਵਾਈ ਹੇਠਲੀ ਨਵੀਂ ਸਰਕਾਰ ਨੇ ਸ਼ੁੱਕਰਵਾਰ ਨੂੰ ਪਹਿਲੀ ਕੈਬਨਿਟ ਮੀਟਿੰਗ ਦੌਰਾਨ ਜਾਂਚ ਕਮਿਸ਼ਨ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਤੁਰੰਤ ਲਾਗੂ ਕਰਨ ਦਾ ਫ਼ੈਸਲਾ ਕੀਤਾ। ਓਲੀ ਦੀ ਗ੍ਰਿਫ਼ਤਾਰੀ ਮਗਰੋਂ ਗ੍ਰਹਿ ਮੰਤਰੀ ਸੂਦਨ ਗੁਰੰਗ ਨੇ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ, ”ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ।” ਉਨ੍ਹਾਂ ਕਿਹਾ ਕਿ ਇਹ ਕਿਸੇ ਖ਼ਿਲਾਫ਼ ਬਦਲਾਖ਼ੋਰੀ ਨਹੀਂ, ਸਗੋਂ ਇਨਸਾਫ਼ ਦੀ ਸ਼ੁਰੂਆਤ ਹੈ। ਹੁਣ ਮੁਲਕ ਨਵੀਂ ਦਿਸ਼ਾ ਵੱਲ ਵਧੇਗਾ। ਜਾਂਚ ਕਮਿਸ਼ਨ ਨੇ ਤਿੰਨ ਤੋਂ 10 ਸਾਲ ਸਜ਼ਾ ਦੀ ਸਿਫ਼ਾਰਸ਼ ਕੀਤੀ ਹੈ।
ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਓਲੀ ਤੇ ਗ੍ਰਹਿ ਮੰਤਰੀ ਗ੍ਰਿਫ਼ਤਾਰ

