ਫੌਰੀ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ
ਕਾਠਮੰਡੂ, 28 ਫਰਵਰੀ (ਪੰਜਾਬ ਮੇਲ)- ਨੇਪਾਲ ਦੀ ਰਾਜਧਾਨੀ ਕਾਠਮੰਡੂ ਨੇੜੇ ਸ਼ੁੱਕਰਵਾਰ ਵੱਡੇ ਤੜਕੇ 6.1 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਉਂਝ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਫੌਰੀ ਕੋਈ ਖ਼ਬਰ ਨਹੀਂ ਹੈ।
ਕੌਮੀ ਭੂਚਾਲ ਮੋਨੀਟਰਿੰਗ ਤੇ ਰਿਸਰਚ ਕੇਂਦਰ ਮੁਤਾਬਕ ਤੜਕੇ 2:51 ਵਜੇ ਕਾਠਮੰਡੂ ਤੋਂ 65 ਕਿਲੋਮੀਟਰ ਪੂਰਬ ਵੱਲ ਸਿੰਧੂਪਾਲਚੌਕ ਵਿਚ ਕੋਦਾਰੀ ਹਾਈਵੇਅ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਰਿਕਟਰ ਸਕੇਲ ‘ਤੇ ਪੈਮਾਇਸ਼ 6.1 ਮਾਪੀ ਗਈ। ਭੂਚਾਲ ਦੇ ਝਟਕੇ ਕਾਠਮੰਡੂ ਵਾਦੀ ਤੇ ਨੇੜਲੇ ਇਲਾਕਿਆਂ ਵਿਚ ਵੀ ਆਏ।
ਨੇਪਾਲ ਸਭ ਤੋਂ ਵੱਧ ਸਰਗਰਮ ਟੈਕਟੋਨਿਕ ਜ਼ੋਨ (ਸਿਸਮਿਕ ਜ਼ੋਨ 4 ਤੇ 5) ਵਿਚ ਆਉਂਦਾ ਹੈ, ਜਿਸ ਦਾ ਮਤਲਬ ਹੈ ਕਿ ਦੇਸ਼ ਵਿਚ ਅਕਸਰ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।
ਨੇਪਾਲ ਵਿਚ 2005 ਵਿਚ 7.8 ਦੀ ਸ਼ਿੱਦਤ ਵਾਲਾ ਸਭ ਤੋਂ ਭਿਆਨਕ ਭੂਚਾਲ ਆਇਆ ਸੀ, ਜਿਸ ਵਿਚ 9000 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਸੀ ਤੇ 10 ਲੱਖ ਤੋਂ ਵੱਧ ਘਰਾਂ, ਹੋਰ ਇਮਾਰਤਾਂ ਤੇ ਢਾਂਚਿਆਂ ਨੂੰ ਨੁਕਸਾਨ ਪੁੱਜਾ ਸੀ।
ਨੇਪਾਲ ਦੇ ਕਾਠਮੰਡੂ ਵਿਚ 6.1 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ
