#INDIA

ਨਿੱਝਰ ਦੀ ਹੱਤਿਆ ਮਾਮਲਾ: ਭਾਰਤ ‘ਤੇ ਲਗਾਏ ਦੋਸ਼ਾਂ ‘ਤੇ ਟਰੂਡੋ ਕਾਇਮ

-40 ਡਿਪਲੋਮੈਟਾਂ ਦੀ ਨਿਕਾਸੀ ਨੂੰ ਵੀਆਨਾ ਕਨਵੈਨਸ਼ਨ ਦੀ ਉਲੰਘਣਾ ਕਰਾਰ ਦਿੱਤਾ
ਨਵੀਂ ਦਿੱਲੀ, 13 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਧਰਤੀ ‘ਤੇ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤੀ ਸ਼ਮੂਲੀਅਤ ਦੇ ਆਪਣੇ ਦੋਸ਼ਾਂ ਦੀ ਪੁਸ਼ਟੀ ਕਰਦੇ ਹੋਏ ਨਵੀਂ ਦਿੱਲੀ ‘ਤੇ 40 ਡਿਪਲੋਮੈਟਾਂ ਨੂੰ ਬਾਹਰ ਕੱਢ ਕੇ ਵੀਆਨਾ ਕਨਵੈਨਸ਼ਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਤੇ ਕਤਲ ਦੀ ਤਹਿ ਤੱਕ ਪਹੁੰਚਣ ਲਈ ਹੋਰ ਕੌਮਾਂਤਰੀ ਭਾਈਵਾਲਾਂ ਤੋਂ ਮਦਦ ਮੰਗੀ ਹੈ। ਚਿਤਾਵਨੀ ਜਾਰੀ ਕਰਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਵੱਡੇ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਸਕਦੇ ਹਨ, ਤਾਂ ਇਹ ਦੁਨੀਆਂ ਨੂੰ ਹੋਰ ਖਤਰਨਾਕ ਬਣਾ ਦੇਵੇਗਾ। ਓਟਾਵਾ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੂਡੋ ਨੇ ਕਿਹਾ, ‘ਜਦੋਂ ਸਾਨੂੰ ਕੈਨੇਡੀਅਨ ਧਰਤੀ ਉੱਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿਚ ਭਾਰਤ ਸਰਕਾਰ ਦੇ ਏਜੰਟਾਂ ਦੀ ਕਥਿਤ ਸ਼ਮੂਲੀਅਤ ਬਾਰੇ ਪਤਾ ਲੱਗਿਆ, ਤਾਂ ਅਸੀਂ ਭਾਰਤ ਨਾਲ ਸੰਪਰਕ ਕੀਤਾ ਤੇ ਮਾਮਲੇ ‘ਚ ਸਹਿਯੋਗ ਮੰਗਿਆ। ਇਸ ਮਗਰੋਂ ਅਸੀਂ ਅੰਤਰਰਾਸ਼ਟਰੀ ਕਾਨੂੰਨ ਅਤੇ ਲੋਕਤੰਤਰ ਦੀ ਪ੍ਰਭੂਸੱਤਾ ਦੀ ਇਸ ਗੰਭੀਰ ਉਲੰਘਣਾ ਬਾਰੇ ਅਮਰੀਕਾ ਅਤੇ ਹੋਰਾਂ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਤੱਕ ਵੀ ਪਹੁੰਚ ਕੀਤੀ।’