#INDIA

ਨਿੱਝਰ ਦਾ ਕਤਲ, ਪੰਨੂ ਨੂੰ ਮਾਰਨ ਦੀ ਕੋਸ਼ਿਸ਼ ‘ਇਕ ਹੀ’ ਸਾਜ਼ਿਸ਼ ਦਾ ਹਿੱਸਾ: ਸਾਬਕਾ ਕੈਨੇਡੀਅਨ ਹਾਈ ਕਮਿਸ਼ਨਰ

ਨਵੀਂ ਦਿੱਲੀ, 21 ਅਕਤੂਬਰ (ਪੰਜਾਬ ਮੇਲ)- ਭਾਰਤ ਵਿਚ ਕੈਨੇਡਾ ਦੇ ਸਾਬਕਾ ਹਾਈ ਕਮਿਸ਼ਨਰ ਰਹੇ ਕੈਮਰਨ ਮੈਕੇ ਨੇ ਦਾਅਵਾ ਕੀਤਾ ਹੈ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦਾ ਕਤਲ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਕੋਸ਼ਿਸ਼ ‘ਇਕ ਹੀ’ ਸਾਜ਼ਿਸ਼ ਦਾ ਹਿੱਸਾ ਸਨ। ਮੈਕੇ ਅਗਸਤ ਵਿਚ ਭਾਰਤ ਤੋਂ ਚਲੇ ਗਏ ਸਨ। ਸੀ.ਬੀ.ਸੀ. ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ ਵਿਚ ਮੈਕੇ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੋਵੇਂ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੋਚਣਾ ਭਾਰਤ ਸਰਕਾਰ ਦੀ ਗਲਤੀ ਹੈ ਕਿ ਉਹ ਕੈਨੇਡਾ ਅਤੇ ਅਮਰੀਕਾ ਵਿਚ ਅਪਰਾਧ ਕਰ ਕੇ ਬਚ ਸਕਦੀ ਹੈ।
ਪਿਛਲੇ ਸਾਲ ਕੈਨੇਡਾ ਦੀ ਧਰਤੀ ‘ਤੇ ਨਿੱਝਰ ਦੀ ਹੱਤਿਆ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਓਟਾਵਾ ਵੱਲੋਂ ਲਾਏ ਗਏ ਨਵੇਂ ਦੋਸ਼ਾਂ ਤੋਂ ਬਾਅਦ ਨਵੀਂ ਦਿੱਲੀ ਨੇ ਕੈਨੇਡੀਅਨ ਹਾਈ ਕਮਿਸ਼ਨ ਦੇ ਇੰਚਾਰਜ ਸਟੀਵਰਟ ਵ੍ਹੀਲਰ ਅਤੇ ਪੰਜ ਹੋਰ ਡਿਪਲੋਮੈਟਾਂ ਨੂੰ ਕੱਢ ਦਿੱਤਾ। ਕੈਨੇਡੀਅਨ ਡਿਪਲੋਮੈਟ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਤੋਂ ਚਲੇ ਗਏ। ਭਾਰਤ ਨੇ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਅਤੇ 5 ਹੋਰ ਡਿਪਲੋਮੈਟਾਂ ਨੂੰ ਵੀ ਵਾਪਸ ਬੁਲਾ ਲਿਆ ਹੈ ਅਤੇ ਉਹ ਵੀ ਭਾਰਤ ਪਰਤ ਰਹੇ ਹਨ। ਕੈਨੇਡਾ ਸਰਕਾਰ ਨੇ ਕਿਹਾ ਸੀ ਕਿ ਭਾਰਤੀ ਡਿਪਲੋਮੈਟਾਂ ਨੂੰ ਦੇਸ਼ ‘ਚੋਂ ਕੱਢ ਦਿੱਤਾ ਗਿਆ ਹੈ। ਭਾਰਤ ਨੇ ਨਿੱਝਰ ਦੇ ਕਤਲ ਨਾਲ ਸਬੰਧਤ ਮਾਮਲੇ ਵਿਚ ਓਟਾਵਾ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਨਿੱਝਰ ਨੂੰ ਭਾਰਤ ਵਿਚ ਅੱਤਵਾਦੀ ਐਲਾਨਿਆ ਗਿਆ ਸੀ।