#AMERICA

ਨਿੱਕੀ ਹੈਲੀ ਵੱਲੋਂ ਗਾਜ਼ਾ ਨਾਗਰਿਕਾਂ ਲਈ ਦਰਵਾਜ਼ੇ ਨਾ ਖੋਲ੍ਹਣ ਵਾਲੇ ਇਸਲਾਮਿਕ ਦੇਸ਼ਾਂ ਦੀ ਨਿੰਦਾ

ਵਾਸ਼ਿੰਗਟਨ, 17 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੀ ਦਾਅਵੇਦਾਰ ਨਿੱਕੀ ਹੈਲੀ ਨੇ ਇਜ਼ਰਾਈਲ ਵਲੋਂ ਗਾਜ਼ਾ ਵਿਚ ਜ਼ਮੀਨੀ ਕਾਰਵਾਈ ਦੇ ਖ਼ਦਸ਼ੇ ਦੇ ਵਿਚਕਾਰ ਉੱਥੋਂ ਪਲਾਇਨ ਕਰਕੇ ਸੁਰੱਖਿਅਤ ਸਥਾਨਾਂ ‘ਤੇ ਜਾਣ ਦੇ ਚਾਹਵਾਨ ਲੋਕਾਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਨਾ ਖੋਲ੍ਹਣ ਲਈ ਇਸਲਾਮਿਕ ਦੇਸ਼ਾਂ ਦੀ ਨਿੰਦਾ ਕੀਤੀ ਹੈ। ਹੈਲੀ ਨੇ ਪਹਿਲਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੀ ਈਰਾਨ ਨਾਲ ਪ੍ਰਮਾਣੂ ਸਮਝੌਤਿਆਂ ਲਈ ਆਲੋਚਨਾ ਕੀਤੀ ਅਤੇ ਨਾਲ ਹੀ ਤਹਿਰਾਨ ‘ਤੇ ਹਮਾਸ ਅਤੇ ਹਿਜ਼ਬੁੱਲਾ ਨੂੰ ਮਜ਼ਬੂਤ ਕਰਨ ਦਾ ਦੋਸ਼ ਲਗਾਇਆ।
ਉਨ੍ਹਾਂ ਕਿਹਾ, ”ਸਾਨੂੰ ਫਲਸਤੀਨੀ ਲੋਕਾਂ, ਖਾਸ ਕਰਕੇ ਨਿਰਦੋਸ਼ ਲੋਕਾਂ ਦੀ ਚਿੰਤਾ ਹੋਣੀ ਚਾਹੀਦੀ ਹੈ, ਪਰ ਅਰਬ ਦੇਸ਼ ਕਿੱਥੇ ਹਨ? ਕਿੱਥੇ ਹਨ ਉਹ? ਕਿੱਥੇ ਹੈ ਕਤਰ? ਕਿੱਥੇ ਹੈ ਲੇਬਨਾਨ? ਕਿੱਥੇ ਹੈ ਜਾਰਡਨ? ਕਿੱਥੇ ਹੈ ਮਿਸਰ? ਕੀ ਤੁਸੀਂ ਜਾਣਦੇ ਹੋ ਕਿ ਅਸੀਂ ਮਿਸਰ ਨੂੰ ਇਕ ਸਾਲ ਵਿਚ ਇੱਕ ਅਰਬ ਤੋਂ ਵੱਧ ਡਾਲਰ ਦਿੰਦੇ ਹਾਂ? ਉਹ ਆਪਣੇ ਦਰਵਾਜ਼ੇ ਕਿਉਂ ਨਹੀਂ ਖੋਲ੍ਹ ਰਹੇ? ਉਹ ਫਲਸਤੀਨੀ ਲੋਕਾਂ ਨੂੰ ਸਵੀਕਾਰ ਕਿਉਂ ਨਹੀਂ ਕਰ ਰਹੇ ਹਨ? ਹੈਲੀ ਨੇ ਕਿਹਾ, ਕੀ ਤੁਸੀਂ ਜਾਣਦੇ ਹੋ ਕਿਉਂ? ਕਿਉਂਕਿ ਉਹ ਆਪਣੇ ਗੁਆਂਢ ਵਿਚ ਹਮਾਸ ਨਹੀਂ ਚਾਹੁੰਦੇ। ਤਾਂ ਫਿਰ ਇਜ਼ਰਾਈਲ ਉਨ੍ਹਾਂ ਨੂੰ ਆਪਣੇ ਗੁਆਂਢ ਵਿਚ ਕਿਉਂ ਚਾਹੇਗਾ? ਇਸ ਲਈ ਜੋ ਹੋ ਰਿਹਾ ਹੈ, ਉਸ ਬਾਰੇ ਸੱਚਾਈ ਨਾਲ ਗੱਲ ਕਰੋ।
ਅਰਬ ਦੇਸ਼ ਫਲਸਤੀਨੀਆਂ ਦੀ ਮਦਦ ਲਈ ਕੁਝ ਨਹੀਂ ਕਰ ਰਹੇ ਹਨ, ਕਿਉਂਕਿ ਉਨ੍ਹਾਂ ਭਰੋਸਾ ਨਹੀਂ ਹੋ ਰਿਹਾ ਹੈ ਕਿ ਕੌਣ ਸਹੀ ਹੈ, ਕੌਣ ਚੰਗਾ ਹੈ, ਕੌਣ ਬੁਰਾ ਹੈ ਅਤੇ ਉਹ ਆਪਣੇ ਦੇਸ਼ ਵਿਚ ਅਜਿਹਾ ਨਹੀਂ ਚਾਹੁੰਦੇ ਹਨ।’ ਹੈਲੀ ਨੇ ਕਿਹਾ ਕਿ ਇਹ ਇਸਲਾਮਿਕ ਦੇਸ਼ ਅਮਰੀਕਾ ‘ਤੇ ਦੋਸ਼ ਲਗਾਉਣਗੇ। ਇਜ਼ਰਾਈਲ ‘ਤੇ ਦੋਸ਼ ਲਗਾਉਣਗੇ। ਕੁਝ ਕਰਨਗੇ ਨਹੀਂ ਪਰ ਜੇ ਉਹ ਚਾਹੁੰਣ ਤਾਂ ਇਸ ਨੂੰ ਰੋਕਣ ਲਈ ਉਨ੍ਹਾਂ ਕੋਲ ਪੂਰੀ ਸਮਰਥਾ ਹੈ। ਉਨ੍ਹਾਂ ਕੋਲ ਸਮਰਥਾ ਹੈ ਕਿ ਉਹ ਹਮਾਸ ਨੂੰ ਤੁਰੰਤ ਉਸ ਨੂੰ ਰੋਕਣ ਲਈ ਕਹੇ, ਜੋ ਉਹ ਕਰ ਰਿਹਾ ਹੈ। ਹੈਲੀ ਨੇ ਕਿਹਾ, ”ਪਰ ਤੁਸੀਂ ਕੀ ਜਾਣਦੇ ਹੋ? ਕਤਰ ਹਮਾਸ ਅਤੇ ਉਸਦੀ ਲੀਡਰਸ਼ਿਪ ਨਾਲ ਕੰਮ ਕਰਨਾ ਜਾਰੀ ਰੱਖੇਗਾ। ਈਰਾਨ ਇਸ ਸਭ ਲਈ ਵਿੱਤੀ ਸਹਾਇਤਾ ਜਾਰੀ ਰੱਖੇਗਾ ਅਤੇ ਕੁਝ ਨਹੀਂ ਕਹੇਗਾ। ਕੌਣ ਚੁੱਪ ਹੈ? ਅਰਬ ਦਾ ਹਰ ਦੇਸ਼ ਚੁੱਪ ਹੈ। ਪਰ ਇਜ਼ਰਾਈਲ ‘ਤੇ ਉਂਗਲ ਚੁੱਕਣਗੇ, ਅਮਰੀਕਾ ‘ਤੇ ਉਂਗਲ ਚੁੱਕਣਗੇ।’

Leave a comment