#AMERICA

ਨਿੱਕੀ ਹੇਲੇ ਵੱਲੋਂ ਨਾਮਜ਼ਦਗੀ ਦੀ ਦੌੜ ‘ਚੋਂ ਰਸਮੀ ਤੌਰ ‘ਤੇ ਹਟਣ ਦਾ ਐਲਾਨ

-ਟਰੰਪ ਦਾ ਨਹੀਂ ਕੀਤਾ ਸਮਰਥਨ
ਸੈਕਰਾਮੈਂਟੋ, 7 ਮਾਰਚ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੇਲੇ ਨੇ ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰ ਬਣਨ ਲਈ ਨਾਮਜ਼ਦਗੀ ਦੌੜ ਵਿਚੋਂ ਹਟਣ ਦਾ ਐਲਾਨ ਕਰ ਦਿੱਤਾ ਹੈ। ਦੱਖਣੀ ਕੈਰੋਲੀਨਾ ‘ਚ ਚਾਰਲਸਟੋਨ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਹੈ ਕਿ ”ਸਮਾਂ ਆ ਚੁੱਕਾ ਹੈ ਕਿ ਮੈ ਆਪਣੀ ਨਾਮਜ਼ਦਗੀ ਮੁਹਿੰਮ ਰੋਕ ਦੇਵਾਂ। ਮੈਂ ਚਾਹੁੰਦੀ ਸੀ ਕਿ ਅਮਰੀਕੀਆਂ ਦੀ ਆਵਾਜ਼ ਸੁਣੀ ਜਾਵੇ ਤੇ ਮੈਂ ਅਜਿਹਾ ਕੀਤਾ ਹੈ, ਮੈਨੂੰ ਮੁੱਢਲੀ ਨਾਮਜ਼ਦਗੀ ਦੌੜ ਵਿਚੋਂ ਹਟਣ ਦਾ ਕੋਈ ਪਛਤਾਵਾ ਨਹੀਂ ਹੈ।” ਉਨਾਂ ਕਿਹਾ ਹਾਲਾਂ ਕਿ ਮੈ ਹੁਣ ਉਮੀਦਵਾਰ ਨਹੀਂ ਹਾਂ ਪਰੰਤੂ ਮੈ ਜਿਨ੍ਹਾਂ ਗੱਲਾਂ ਵਿਚ ਵਿਸ਼ਵਾਸ ਰੱਖਦੀ ਹਾਂ, ਉਨ੍ਹਾਂ ਵਾਸਤੇ ਆਪਣੀ ਆਵਾਜ਼ ਉਠਾਉਂਦੀ ਰਹਾਂਗੀ। ਹੇਲੇ ਨੇ ਸਿੱਧੇ ਤੌਰ ‘ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਜਿਨ੍ਹਾਂ ਵੱਲੋਂ ਨਾਮਜ਼ਦਗੀ ਚੋਣ ਜਿੱਤ ਲੈਣ ਦੀ ਪੂਰੀ ਸੰਭਾਵਨਾ ਹੈ, ਦਾ ਸਮਰਥਨ ਨਹੀਂ ਕੀਤਾ। ਉਨ੍ਹਾਂ ਕਿਹਾ ”ਪੂਰੀ ਸੰਭਾਵਨਾ ਹੈ ਕਿ ਜਦੋਂ ਜੁਲਾਈ ਵਿਚ ਪਾਰਟੀ ਸਮੇਲਣ ਹੋਵੇਗਾ, ਤਾਂ ਟਰੰਪ ਰਿਪਬਲੀਕਨ ਉਮੀਦਵਾਰ ਹੋਣਗੇ। ਮੈ ਉਨ੍ਹਾਂ ਨੂੰ ਵਧਾਈ ਦਿੰਦੀ ਹਾਂ। ਸਾਡਾ ਦੇਸ਼ ਬਹੁਮੁੱਲਾ ਹੈ ਤੇ ਵਿਚਾਰਕ ਮਤਭੇਦ ਸਾਨੂੰ ਵੰਡ ਦਿੰਦੇ ਹਨ। ਹੁਣ ਇਹ ਟਰੰਪ ਉਪਰ ਨਿਰਭਰ ਹੈ ਕਿ ਉਹ ਸਾਡੀ ਪਾਰਟੀ ਵਿਚ ਮੌਜੂਦ ਲੋਕਾਂ ਦੀਆਂ ਵੋਟਾਂ ਲੈਣ ਤੇ ਇਸ ਤੋਂ ਅੱਗੇ ਜਾ ਕੇ ਉਨ੍ਹਾਂ ਲੋਕਾਂ ਦੀਆਂ ਵੋਟਾਂ ਲੈਣ ਜੋ ਉਨ੍ਹਾਂ ਦਾ ਸਮਰਥਨ ਨਹੀਂ ਕਰਦੇ। ਮੈਂ ਆਸ ਕਰਦੀ ਹਾਂ ਕਿ ਉਹ ਅਜਿਹਾ ਕਰਨਗੇ।” ਹੇਲੇ ਵੱਲੋਂ ਆਪਣੀ ਮੁਹਿੰਮ ਰੋਕਣ ਉਪਰੰਤ ਟਰੰਪ ਨੇ ਸੋਸ਼ਲ ਮੀਡੀਆ ਉਪਰ ਪਾਈ ਇਕ ਪੋਸਟ ‘ਚ ਕਿਹਾ ਹੈ ਕਿ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਬੁਰੀ ਤਰ੍ਹਾਂ ਹਾਰ ਗਈ ਹੈ, ਮੈਂ ਉਸ ਦੇ ਹਮਾਇਤੀਆਂ ਨੂੰ ਆਪਣੀ ਰਾਜਸੀ ਮੁਹਿੰਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ।