ਕਿਹਾ: ਭਾਰਤ ਵਰਗੇ ਮਜ਼ਬੂਤ ਸਹਿਯੋਗੀ ਨਾਲ ਰਿਸ਼ਤੇ ਨਾ ਵਿਗਾੜੋ…’
ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵ ਦੀ ਸਖ਼ਤ ਆਲੋਚਨਾ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਭਾਰਤੀ ਸਾਮਾਨਾਂ ‘ਤੇ ਭਾਰੀ ਟੈਰਿਫ ਲਗਾਉਣ ਦੀ ਗੱਲ ਕੀਤੀ ਸੀ। ਹੇਲੀ ਨੇ ਚਿਤਾਵਨੀ ਦਿੱਤੀ ਕਿ ਇਹ ਕਦਮ ਭਾਰਤ-ਅਮਰੀਕਾ ਸਬੰਧਾਂ ਨੂੰ ਖਰਾਬ ਕਰ ਸਕਦਾ ਹੈ, ਜੋ ਇਸ ਸਮੇਂ ਬਹੁਤ ਮਹੱਤਵਪੂਰਨ ਮੋੜ ‘ਤੇ ਹਨ। ਉਨ੍ਹਾਂ ਟਰੰਪ ਨੂੰ ਚਿਤਾਵਨੀ ਦਿੱਤੀ ਕਿ ਉਹ ਚੀਨ ਵਰਗੇ ਦੁਸ਼ਮਣ ਦੇਸ਼ ਨੂੰ ਰਿਆਇਤਾਂ ਨਾ ਦੇਣ ਅਤੇ ਭਾਰਤ ਵਰਗੇ ਸਹਿਯੋਗੀ ਨਾਲ ਸਬੰਧ ਨਾ ਵਿਗਾੜੇ। ਹੇਲੀ ਨੇ ਟਰੰਪ ਪ੍ਰਸ਼ਾਸਨ ‘ਤੇ ਦੋਹਰਾ ਮਾਪਦੰਡ ਅਪਣਾਉਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਵਪਾਰ ਲਈ 90 ਦਿਨਾਂ ਦੀ ਟੈਰਿਫ ਛੋਟ ਦਿੱਤੀ ਹੈ, ਜਦੋਂਕਿ ਭਾਰਤ ‘ਤੇ ਸਖ਼ਤੀ ਦਿਖਾਈ ਜਾ ਰਹੀ ਹੈ।
ਹੇਲੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, ”ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖਰੀਦਣਾ ਚਾਹੀਦਾ, ਪਰ ਚੀਨ, ਜੋ ਸਾਡਾ ਦੁਸ਼ਮਣ ਹੈ ਅਤੇ ਰੂਸ ਅਤੇ ਈਰਾਨ ਦਾ ਸਭ ਤੋਂ ਵੱਡਾ ਤੇਲ ਖਰੀਦਦਾਰ ਵੀ ਹੈ, ਨੂੰ 90 ਦਿਨਾਂ ਦੀ ਟੈਰਿਫ ਛੋਟ ਮਿਲੀ ਹੈ। ਚੀਨ ਨੂੰ ਰਿਆਇਤਾਂ ਨਾ ਦਿਓ ਅਤੇ ਭਾਰਤ ਵਰਗੇ ਮਜ਼ਬੂਤ ਸਹਿਯੋਗੀ ਨਾਲ ਸਬੰਧ ਨਾ ਵਿਗਾੜੋ।” ਨਿੱਕੀ ਹੇਲੀ ਲੰਬੇ ਸਮੇਂ ਤੋਂ ਭਾਰਤ ਅਤੇ ਅਮਰੀਕਾ ਵਿਚਕਾਰ ਮਜ਼ਬੂਤ ਸਬੰਧਾਂ ਦੇ ਹੱਕ ਵਿਚ ਰਹੀ ਹੈ। ਉਸਦਾ ਮੰਨਣਾ ਹੈ ਕਿ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਭਾਰਤ ਵਰਗੇ ਲੋਕਤੰਤਰੀ ਦੇਸ਼ਾਂ ਨਾਲ ਮਜ਼ਬੂਤ ਭਾਈਵਾਲੀ ਜ਼ਰੂਰੀ ਹੈ।
ਉਸ ਦੀਆਂ ਟਿੱਪਣੀਆਂ ਉਸ ਸਮੇਂ ਆਈਆਂ, ਜਦੋਂ ਟਰੰਪ ਨੇ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਭਾਰਤੀ ਸਾਮਾਨਾਂ ‘ਤੇ ਟੈਰਿਫ ਵਿਚ ਬਹੁਤ ਵਾਧਾ ਕਰਨਗੇ, ਜੋ ਕਿ 1 ਅਗਸਤ ਤੋਂ ਲਾਗੂ ਕੀਤਾ ਗਿਆ ਹੈ, 25% ਦਾ ਵਾਧਾ ਕਰਨਗੇ। ਟਰੰਪ ਨੇ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਸਬੰਧੀ ਇਹ ਫੈਸਲਾ ਲਿਆ ਹੈ ਅਤੇ ਕਿਹਾ ਹੈ ਕਿ ਇਹ ”ਜੰਗੀ ਮਸ਼ੀਨ ਨੂੰ ਬਾਲਣ” ਹੈ।
ਟਰੰਪ ਨੇ ਇੰਟਰਵਿਊ ਵਿਚ ਕਿਹਾ, ”ਭਾਰਤ ਦੇ ਟੈਰਿਫ ਦੁਨੀਆਂ ਵਿਚ ਸਭ ਤੋਂ ਵੱਧ ਹਨ। ਉਹ ਸਾਡੇ ਨਾਲ ਬਹੁਤ ਵਪਾਰ ਕਰਦੇ ਹਨ, ਪਰ ਅਸੀਂ ਉਨ੍ਹਾਂ ਨਾਲ ਬਹੁਤ ਘੱਟ ਵਪਾਰ ਕਰਦੇ ਹਾਂ। ਅਸੀਂ 25% ਟੈਰਿਫ ‘ਤੇ ਸਹਿਮਤ ਹੋਏ ਸੀ, ਪਰ ਹੁਣ ਮੈਂ ਇਸ ਨੂੰ ਬਹੁਤ ਵਧਾਉਣ ਜਾ ਰਿਹਾ ਹਾਂ ਕਿਉਂਕਿ ਉਹ ਰੂਸੀ ਤੇਲ ਖਰੀਦ ਰਹੇ ਹਨ।” ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਨੇ ਇੱਕ ਨਵੇਂ ਸਮਝੌਤੇ ਵਿਚ ਅਮਰੀਕੀ ਸਾਮਾਨਾਂ ‘ਤੇ ਟੈਰਿਫ ਨੂੰ ਜ਼ੀਰੋ ਕਰਨ ਦਾ ਪ੍ਰਸਤਾਵ ਰੱਖਿਆ ਸੀ, ਪਰ ਉਸਨੇ ਇਸ ਨੂੰ ਨਾਕਾਫ਼ੀ ਕਿਹਾ। ਟਰੰਪ ਨੇ ਕਿਹਾ, ”ਜੇਕਰ ਉਹ ਇੱਕ ਅਜਿਹੀ ਜੰਗ ਨੂੰ ਫੰਡ ਦੇ ਰਹੇ ਹਨ, ਜਿਸਦਾ ਅਸੀਂ ਵਿਰੋਧ ਕਰਦੇ ਹਾਂ ਤਾਂ ਜ਼ੀਰੋ ਟੈਰਿਫ ਕਾਫ਼ੀ ਨਹੀਂ ਹਨ।”
ਦੱਸਣਯੋਗ ਹੈ ਕਿ ਭਾਰਤ ਨੇ ਵਾਰ-ਵਾਰ ਆਪਣੀ ਊਰਜਾ ਨੀਤੀ ਦਾ ਬਚਾਅ ਕੀਤਾ ਹੈ। ਭਾਰਤ ਕਹਿੰਦਾ ਹੈ ਕਿ ਉਹ ਆਪਣੇ ਰਾਸ਼ਟਰੀ ਹਿੱਤ ਅਤੇ ਕਿਫਾਇਤੀ ਕੀਮਤਾਂ ਨੂੰ ਧਿਆਨ ਵਿਚ ਰੱਖ ਕੇ ਤੇਲ ਖਰੀਦਦਾ ਹੈ। ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਅਤੇ ਯੂਰਪੀ ਦੇਸ਼ ਖੁਦ ਰੂਸ ਨਾਲ ਵਪਾਰ ਅਤੇ ਊਰਜਾ ਸਬੰਧ ਬਣਾਈ ਰੱਖਦੇ ਹਨ, ਇਸ ਦੇ ਬਾਵਜੂਦ ਉਹ ਦੂਜਿਆਂ ਦੀ ਆਲੋਚਨਾ ਕਰਦੇ ਹਨ।
ਟਰੰਪ ਦੀ ਟੈਰਿਫ ਧਮਕੀ ਨੇ ਆਰਥਿਕ ਚਿੰਤਾਵਾਂ ਨੂੰ ਵੀ ਵਧਾ ਦਿੱਤਾ ਹੈ। ਭਾਰਤੀ ਰੇਟਿੰਗ ਏਜੰਸੀ ਆਈ.ਸੀ.ਆਰ.ਏ. ਨੇ ਸੋਮਵਾਰ ਨੂੰ ਵਿੱਤੀ ਸਾਲ 26 (ਵਿੱਤੀ ਸਾਲ 2025-26) ਲਈ ਜੀ.ਡੀ.ਪੀ. ਵਿਕਾਸ ਅਨੁਮਾਨ ਨੂੰ 6.2% ਤੋਂ ਘਟਾ ਕੇ 6.0% ਕਰ ਦਿੱਤਾ ਹੈ। ਇਸਦਾ ਕਾਰਨ ਅਮਰੀਕਾ ਨਾਲ ਵਧਦਾ ਵਪਾਰਕ ਤਣਾਅ ਅਤੇ ਨੀਤੀਗਤ ਅਨਿਸ਼ਚਿਤਤਾ ਦੱਸਿਆ ਜਾ ਰਿਹਾ ਹੈ।
ਨਿੱਕੀ ਹੇਲੀ ਵੱਲੋਂ ਟਰੰਪ ਦੇ ਭਾਰਤ ‘ਤੇ ਭਾਰੀ ਟੈਰਿਫ ਦੇ ਪ੍ਰਸਤਾਵ ਦੀ ਸਖ਼ਤ ਆਲੋਚਨਾ
