#AMERICA

ਨਿੱਕੀ ਹੇਲੀ ਨੇ ਵਾਸ਼ਿੰਗਟਨ ਡੀ.ਸੀ. ਦੀਆਂ ਪ੍ਰਮਾਇਰੀ ਚੋਣਾਂ ਜਿੱਤ ਕੇ ਇਤਿਹਾਸ ਸਿਰਜਿਆ

-ਰਿਪਬਲਿਕਨ ਰਾਸ਼ਟਰਪਤੀ ਉਮੀਦਵਾਰੀ ਦੀਆਂ ਪ੍ਰਾਇਮਰੀ ਚੋਣਾਂ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ
ਵਾਸ਼ਿੰਗਟਨ, 5 ਫਰਵਰੀ (ਪੰਜਾਬ ਮੇਲ)- ਨਿੱਕੀ ਹੇਲੀ ਨੇ ਅਮਰੀਕਾ ‘ਚ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਉਮੀਦਵਾਰ ਦੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਵਾਸ਼ਿੰਗਟਨ ਡੀ.ਸੀ. (ਡਿਸਟ੍ਰਿਕਟ ਆਫ ਕੋਲੰਬੀਆ) ਦੀਆਂ ਪ੍ਰਾਇਮਰੀ ਚੋਣਾਂ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ 2024 ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਤਿਹਾਸ ਸਿਰਜ ਦਿੱਤਾ ਕਿਉਂਕਿ ਰਿਪਬਲਿਕਨ ਰਾਸ਼ਟਰਪਤੀ ਉਮੀਦਵਾਰੀ ਦੀਆਂ ਪ੍ਰਾਇਮਰੀ ਚੋਣਾਂ ਜਿੱਤਣ ਵਾਲੀ ਉਹ ਪਹਿਲੀ ਮਹਿਲਾ ਹੈ।
ਹੇਲੀ ਦੀ ਇਸ ਜਿੱਤ ਨੇ ਅਸਥਾਈ ਤੌਰ ‘ਤੇ ਟਰੰਪ ਦੀ ਜਿੱਤ ਦੇ ਸਿਲਸਿਲੇ ਨੂੰ ਰੋਕ ਦਿੱਤਾ ਹੈ ਪਰ ਸਾਬਕਾ ਰਾਸ਼ਟਰਪਤੀ ਨੂੰ ਇਸ ਹਫਤੇ ਦੇ ਸੁਪਰ ਟਿਊਜ਼ਡੇਅ ‘ਚ ਵੱਡੀ ਗਿਣਤੀ ਵਿਚ ਡੈਲੀਗੇਟਾਂ (ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਮੈਂਬਰਾਂ) ਦਾ ਸਮਰਥਨ ਮਿਲਣ ਦੀ ਸੰਭਾਵਨਾ ਹੈ। ਸੁਪਰ ਟਿਊਜ਼ਡੇਅ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰਾਇਮਰੀ ਚੋਣ ਪ੍ਰਕਿਰਿਆ ਦਾ ਦਿਨ ਹੈ, ਜਦੋਂ ਜ਼ਿਆਦਾਤਰ ਰਾਜਾਂ ਵਿਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਹੁੰਦੀਆਂ ਹਨ।