ਮਾਹਿਲਪੁਰ, 21 ਫਰਵਰੀ (ਪੰਜਾਬ ਮੇਲ)- ਮਾਹਿਲਪੁਰ ਦੇ ਉੱਘੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਵੱਲੋਂ ਪਿਛਲੇ 27 ਸਾਲ ਤੋਂ ਨਿਰੰਤਰ ਸੰਪਾਦਿਤ ਤੇ ਪ੍ਰਕਾਸ਼ਿਤ ਕੀਤਾ ਜਾਣ ਵਾਲਾ ਪੰਜਾਬੀ ਬਾਲ ਰਸਾਲਾ ਹੁਣ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋ ਚੁੱਕਾ ਹੈ। ਇਸ ਰਸਾਲੇ ਦੇ 28 ਵੇਂ ਸਾਲ ਦਾ ਪ੍ਰਵੇਸ਼ ਅੰਕ ਕਮਲਜੀਤ ਨੀਲੋਂ ਵਿਸ਼ੇਸ਼ ਅੰਕ ਹੈ। ਇਸ ਵਿਸ਼ੇਸ਼ ਅੰਕ ਨੂੰ ਜਾਰੀ ਕਰਦਿਆਂ ਬਲਵੀਰ ਸਿੰਘ ਸੇਵਕ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਕੀ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚੋਂ ਪੰਜਾਬੀ ਵਿਚ ਛਪਣ ਵਾਲਾ ਇਹ ਇਕੋ-ਇਕ ਬਾਲ ਰਸਾਲਾ ਹੈ।ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਪ੍ਰੋਫੈਸਰ ਡਾਕਟਰ ਦਵਿੰਦਰਜੀਤ ਕੌਰ, ਸੰਜੀਵ ਖੁਰਾਣਾ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਰਸਾਲੇ ਦੇ ਪਾਠਕ ਪੂਰੀ ਦੁਨੀਆ ਵਿਚ ਬੈਠੇ ਹਨ ਜੋ ਆਨਲਾਈਨ ਅਤੇ ਪ੍ਰਿੰਟਿੰਡ ਪੜ੍ਹਦੇ ਹਨ। ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਪ੍ਰਿੰਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਿਰਲੀਜ਼ ਸਮਾਰੋਹ ਿਵਚ ਸਾਂਝਾ ਵਿਚਾਰ ਮੰਚ ਪੰਜਾਬ ਦੇ ਕਨਵੀਨਰ ਅਮਰਜੀਤ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਵਾਲੇ ਅਜਿਹੇ ਰਸਾਲੇ ਹਰ ਪੰਜਾਬੀ ਦੇ ਘਰ ਵਿਚ ਹੋਣੇ ਚਾਹੀਦੇ ਹਨ । ਉਨ੍ਹਾਂ ਅੱਗੇ ਕਿਹਾ ਕਿ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਨਿੱਕੀਆਂ ਕਰੂੰਬਲਾਂ ਦਾ ਮਹੱਤਵਪੂਰਨ ਯੋਗਦਾਨ ਹੈ। ਸਾਂਝਾ ਵਿਚਾਰ ਮੰਚ ਪੰਜਾਬ ਵੱਲੋਂ ਇਸ ਰਸਾਲੇ ਨੂੰ ਘਰ-ਘਰ ਪਹੁੰਚਾਉਣ ਦਾ ਜ਼ਿੰਮਾ ਲਿਆ ਗਿਆ। ਡਾਕਟਰ ਦੇਵਿੰਦਰ ਜੀਤ ਕੌਰ ਨੇ ਕਮਲਜੀਤ ਨੀਲੋਂ ਵਿਸ਼ੇਸ਼ ਅੰਕ ਬਾਰੇ ਬੋਲਦਿਆਂ ਕਿਹਾ ਕਿ ਇਹ ਇੱਕ ਸੰਪੂਰਣ ਦਸਤਾਵੇਜ ਹੈ ਜਿਸ ਰਾਹੀਂ ਸਾਨੂੰ ਕਮਲਜੀਤ ਨੀਲੋਂ ਦੇ ਜੀਵਨ ਸੰਗਰਾਮ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਮਿਲਦੀ ਹੈ। ਇਸ ਮੌਕੇ ਪੰਮੀ ਖੁਸ਼ਹਾਲਪੁਰੀ ਅਤੇ ਸੁਖਮਨ ਸਿੰਘ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆ । ਇਸ ਸਮਾਰੋਹ ਵਿਚ ਹਰਭਜਨ ਸਿੰਘ ਕਾਹਲੋਂ, ਚੈਂਚਲ ਸਿੰਘ ਬੈਂਸ, ਬੱਗਾ ਸਿੰਘ ਆਰਟਿਸਟ,ਰਘਬੀਰ ਸਿੰਘ ਕਲੋਆ , ਹਰਵੀਰ ਮਾਨ, ਹਰਮਨਪ੍ਰੀਤ ਕੌਰ, ਤਾਨੀਆ ਜਾਖੂ,ਸੰਨੀ ਹੀਰ ਲੰਗੇਰੀ ਸਮੇਤ ਵਿਦਿਆਰਥੀ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ । ਸਭ ਦਾ ਧੰਨਵਾਦ ਕਰਦਿਆਂ ਕੁਲਦੀਪ ਕੌਰ ਬੈਂਸ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਨੈੱਟ ਦੇ ਜਾਲ ਤੋਂ ਬਚਾਉਣ ਲਈ ਅਜਿਹੇ ਰਸਾਲਿਆਂ ਦੀ ਬਹੁਤ ਲੋੜ ਹੈ।