ਫਗਵਾੜਾ, 24 ਮਾਰਚ (ਪੰਜਾਬ ਮੇਲ)- ਅੱਜ ਇਥੇ ਪੰਜਾਬੀ ਲੇਖਕਾਂ, ਕਾਲਮਨਵੀਸਾਂ, ਚਿੰਤਕਾਂ ਅਤੇ ਪੱਤਰਕਾਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਮੌਜੂਦਾ ਦੌਰ ਵਿੱਚ ਅਜ਼ਾਦ, ਨਿਡਰ ਅਤੇ ਨਿਰਪੱਖ ਪੱਤਰਕਾਰੀ ਉਪਰ ਵਧ ਰਹੇ ਖਤਰਿਆਂ ਅਤੇ ਹਮਲਿਆਂ ਉਤੇ ਚਿੰਤਾ ਪ੍ਰਗਟ ਕੀਤੀ ਗਈ।
ਮੀਟਿੰਗ ਵਿੱਚ ਵੱਖੋ-ਵੱਖਰੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਇਹ ਗੱਲ ਕਹੀ ਕਿ ਸੱਚੀ-ਸੁੱਚੀ ਪੱਤਰਕਾਰੀ ਕਰਨਾ ਅੱਜ ਕੱਲ ਸੱਪ ਦੀ ਖੁੱਡ ਵਿੱਚ ਹੱਥ ਪਾਉਣ ਦੇ ਬਰਾਬਰ ਹੈ। ਸੱਤਾਧਾਰੀ ਸ਼ਕਤੀਆਂ ਵਲੋਂ ਇੱਕ ਐਸਾ ਵਿਰਤਾਂਤ ਸਿਰਜਿਆ ਜਾ ਰਿਹਾ, ਜਿਸ ਤਹਿਤ ਗੋਦੀ ਮੀਡੀਆ ਨੂੰ ਪ੍ਰਫੁੱਲਤ ਕਰਨ ਅਤੇ ਦਲੇਰਾਨਾ ਰਿਪੋਰਟਿੰਗ ਕਰਨ ਵਾਲਿਆਂ ਨੂੰ ਨਿਰਉਤਸ਼ਾਹਤ ਕਰਨ ਦੀ ਇੱਕ ਗਿਣਤੀ ਮਿਥੀ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਹੀ ਮੁਹਿੰਮ ਤਹਿਤ ਬੇਖੋਫ ਅਤੇ ਅਜ਼ਾਦ ਪੱਤਰਕਾਰੀ ਦੇ ਝੰਡਾਬਰਦਾਰ ਅਖ਼ਬਾਰਾਂ ਨੂੰ ਜਾਣ ਬੁੱਝਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਹਨਾ ਵਿੱਚ ਖ਼ਾਸ ਤੌਰ ‘ਤੇ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਸ਼ਾਮਲ ਹਨ।
ਸੱਚ ਪ੍ਰਸਤ ਅਖ਼ਬਾਰਾਂ ਨੂੰ ਨਿਸ਼ਾਨਾ ਬਨਾਉਣ ਦੀ ਨਿਖੇਧੀ ਕਰਦਿਆਂ ਮੀਟਿੰਗ ਨੇ ਇਹਨਾ ਅਖ਼ਬਾਰਾਂ ਦੇ ਸਰਕਾਰੀ ਇਸ਼ਤਿਹਾਰ ਬੰਦ ਕਰਨ ਅਤੇ ਇਹਨਾ ਨੂੰ ਝੁਕਾਉਣ ਲਈ ਹੋਰ ਹੱਥ ਕੰਡੇ ਵਰਤਣ ਦੀ ਨਿਖੇਧੀ ਕੀਤੀ।
ਮੀਟਿੰਗ ਵਿੱਚ ਬੁਲਾਰਿਆਂ ਨੇ ਕਿਹਾ ਕਿ ਕਰਤਾਰਪੁਰ ਵਿਖੇ ਸਥਿਤ ਸ਼ਹੀਦਾਂ ਦੀ ਅਜ਼ੀਮ ਯਾਦਗਾਰ ਜੰਗੇ-ਆਜ਼ਾਦੀ ਨੂੰ ਨਿਸ਼ਾਨਾ ਬਨਾਉਣਾ ਵੀ ਉਪਰੋਕਤ ਲੜੀ ਦਾ ਹਿੱਸਾ ਹੈ।
ਇਸ ਮੀਟਿੰਗ ਵਿੱਚ ਪ੍ਰਸਿੱਧ ਲੇਖਕ ਪ੍ਰੋ: ਜਸਵੰਤ ਸਿੰਘ ਗੰਡਮ, ਪ੍ਰਸਿੱਧ ਲੇਖਕ ਐਸ.ਐਲ.ਵਿਰਦੀ, ਪ੍ਰਸਿੱਧ ਲੇਖਕ ਰਵਿੰਦਰ ਚੋਟ, ਗ਼ਜ਼ਲਗੋ ਬਲਦੇਵ ਰਾਜ ਕੋਮਲ, ਕਾਲਮਨਵੀਸ ਤੇ ਲੇਖਕ ਗੁਰਮੀਤ ਸਿੰਘ ਪਲਾਹੀ, ਪੱਤਰਕਾਰ ਪਰਵਿੰਦਰਜੀਤ ਸਿੰਘ ਸ਼ਾਮਲ ਸਨ।
ਫੋਟੋ ਕੈਪਸ਼ਨ
ਮੀਟਿੰਗ ਵਿੱਚ ਸ਼ਾਮਲ ਪ੍ਰੋ: ਜਸਵੰਤ ਸਿੰਘ ਗੰਡਮ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਐਸ.ਐਲ.ਵਿਰਦੀ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ ਅਤੇ ਪਰਵਿੰਦਰ ਜੀਤ ਸਿੰਘ ।