#PUNJAB

ਨਿਗਮ ਚੋਣਾਂ ਦੀ ਆਹਟ ਨਾਲ ਆਗੂਆਂ ਵੱਲੋਂ ਸਿਆਸੀ ਸਰਗਰਮੀਆਂ ਤੇਜ਼

ਜਲੰਧਰ, 19 ਜੁਲਾਈ (ਪੰਜਾਬ ਮੇਲ)- ਲੋਕ ਸਭਾ ਅਤੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਖ਼ਤਮ ਹੁੰਦੇ ਹੀ ਨਿਗਮ ਚੋਣਾਂ ਦੀ ਆਹਟ ਨਾਲ ਮਹਾਨਗਰ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂ ਵਾਰਡ ਪੱਧਰ ‘ਤੇ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਲਈ ਤਿਆਰੀਆਂ ਕਰ ਰਹੇ ਹਨ।
ਮਹਾਨਗਰ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਅਤੇ ਵਰਕਰ ਨਿਗਮ ਚੋਣਾਂ ਲਈ ਜੋਸ਼ ਵਿਚ ਵਿਖਾਈ ਦੇ ਰਹੇ ਹਨ, ਜਦਕਿ ਭਾਜਪਾ ਇਕ ਵਾਰ ਫਿਰ ਫੂਕ-ਫੂਕ ਕੇ ਪੈਰ ਰੱਖਣ ਦੀ ਸਥਿਤੀ ਵਿਚ ਨਜ਼ਰ ਆ ਰਹੀ ਹੈ। ਸੀਨੀਅਰ ਲੀਡਰਸ਼ਿਪ ਅਨੁਸਾਰ ਭਾਜਪਾ ਦੇ ਵਰਕਰ ਅਤੇ ਆਗੂ ਨਿਗਮ ਚੋਣਾਂ ਦੌਰਾਨ ਜੋਸ਼ ਦੇ ਨਾਲ ਹੋਸ਼ ਵਿਚ ਰਹਿ ਕੇ ਚੋਣ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਹੇ ਹਨ। ਨਿਗਮ ਚੋਣਾਂ ਵਿਚ ਵਾਰਡ ਪੱਧਰ ‘ਤੇ ਅਜਿਹੇ ਕਾਰਨ ਹਨ, ਜੋ ਵਿਰੋਧੀ ਧਿਰ ਲਈ ਮੁੱਦਾ ਬਣ ਸਕਦੇ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਕੋਲ ਅਜੇ ਸਮਾਂ ਹੈ ਕਿ ਉਹ ਵਾਰਡ ਪੱਧਰ ‘ਤੇ ਰੁਕੇ ਹੋਏ ਵਿਕਾਸ ਕਾਰਜ ਕਰਵਾ ਕੇ ਲੋਕਾਂ ਨੂੰ ਰਾਹਤ ਦੇ ਸਕਦੀ ਹੈ। ਕਈ ਇਲਾਕਿਆਂ ਵਿਚ ਚੋਣ ਵਾਅਦੇ ਅੱਜ ਵੀ ਸਿਸਟਮ ਨੂੰ ਠੇਂਗਾ ਵਿਖਾ ਰਹੇ ਹਨ।
ਕੇਂਦਰੀ ਅਤੇ ਪੱਛਮੀ ਹਲਕਿਆਂ ਦੇ ਕਈ ਵਾਰਡਾਂ ਵਿਚ ਕਿਤੇ ਸੀਵਰੇਜ ਦੀ ਅਤੇ ਕਿਤੇ ਪਾਣੀ ਦੀ ਸਮੱਸਿਆ ਹੈ। ਲੋਕ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਹਨ। ਸਟਰੀਟ ਲਾਈਟਾਂ ਦੀ ਸਮੱਸਿਆ ਕਈ ਵਾਰਡਾਂ ਵਿਚ ਲਗਭਗ ਆਮ ਹੈ। ਪੱਛਮੀ ਹਲਕੇ ਵਿਚ ਬਣੇ ਕਈ ਪਾਰਕਾਂ ਦੀ ਹਾਲਤ ਤਰਸਯੋਗ ਹੈ ਪਰ ਪਿਛਲੇ ਸਾਲ ਤੋਂ ਲੋਕਾਂ ਨੂੰ ਜ਼ਿਆਦਾ ਸਮੱਸਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ ਅਤੇ ਇਹ ਕੁਝ ਅਜਿਹੀਆਂ ਸਮੱਸਿਆਵਾਂ ਨਹੀਂ ਹਨ, ਜਿਨ੍ਹਾਂ ਨੂੰ ਸੱਤਾਧਾਰੀ ਪਾਰਟੀ ਜਾਂ ਵਿਰੋਧੀ ਧਿਰ ਠੀਕ ਨਹੀਂ ਕਰਵਾ ਸਕਦੇ। ਬਜਾਏ ਨਵੇਂ ਚੋਣ ਵਾਅਦਿਆਂ ਅਤੇ ਕੰਮਾਂ ਦੇ, ਜੇਕਰ ਕੋਈ ਸਿਆਸੀ ਪਾਰਟੀ ਮੌਜੂਦਾ ਸਮੱਸਿਆਵਾਂ ਦਾ ਹੱਲ ਕਰਕੇ ਮੈਦਾਨ ਵਿਚ ਉਤਰੇਗੀ ਤਾਂ ਯਕੀਨੀ ਤੌਰ ‘ਤੇ ਚੋਣ ਨਤੀਜਿਆਂ ‘ਤੇ ਆਪਣੀ ਹਾਂ-ਪੱਖੀ ਛਾਪ ਛੱਡੇਗੀ।