#PUNJAB

ਨਿਗਮ ਚੋਣਾਂ ‘ਚ ਵੀ ਭਾਰੀ ਪੈ ਸਕਦੀ ਹੈ ਦਲ-ਬਦਲ ਦੀ ਰਾਜਨੀਤੀ

ਜਲੰਧਰ, 20 ਜੁਲਾਈ (ਪੰਜਾਬ ਮੇਲ)- ਲੋਕ ਸਭਾ ਚੋਣਾਂ ਤੋਂ ਬਾਅਦ ਜਲੰਧਰ ਵੈਸਟ ਹਲਕੇ ਵਿਚ ਜ਼ਿਮਨੀ ਚੋਣ ਖ਼ਤਮ ਹੋ ਚੁੱਕੀ ਹੈ। ਲੋਕ ਸਭਾ ਚੋਣ ‘ਚ ਕਾਂਗਰਸ ਅਤੇ ਜ਼ਿਮਨੀ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਜਿੱਤ ਦਰਜ ਕਰ ਚੁੱਕੀ ਹੈ ਪਰ ਮਹਾਨਗਰ ਵਿਚ ਇਨ੍ਹਾਂ ਦੋਵਾਂ ਚੋਣਾਂ ਵਿਚ ਸਿਆਸਤ ਦੇ ਅਜਿਹੇ ਰੰਗ ਵੋਟਰਾਂ ਨੂੰ ਵੇਖਣ ਨੂੰ ਮਿਲੇ ਹਨ, ਜਿਸ ਨੇ ਵੋਟਰਾਂ ਦੇ ਮਨ ‘ਤੇ ਸਿਆਸੀ ਆਗੂਆਂ ਪ੍ਰਤੀ ਅਜੀਬ ਛਾਪ ਛੱਡੀ ਹੈ।
ਆਪਣੇ ਸਿਆਸੀ ਫਾਇਦੇ ਲਈ ਕਈ ਆਗੂਆਂ ਨੇ ਪਾਰਟੀ ਦਰ ਪਾਰਟੀ ਜੰਮ ਕੇ ਇੰਨੇ ਛੜੱਪੇ ਮਾਰੇ ਕਿ ਵੋਟਰਾਂ ਨੂੰ ਰੋਜ਼ਾਨਾ ਸਵੇਰੇ ਕਿਸੇ ਆਗੂ ਜਾਂ ਉਮੀਦਵਾਰ ਬਾਰੇ ਸੋਚਣ ਤੋਂ ਪਹਿਲਾਂ ਉਸ ਦੀ ਮੌਜੂਦਾ ਪਾਰਟੀ ਬਾਰੇ ਕਨਫਰਮ ਕਰਨਾ ਪੈਂਦਾ ਸੀ। ਕੇਂਦਰ ਦੀ ਸਿਆਸਤ ਤੋਂ ਲੈ ਕੇ ਸੂਬਿਆਂ ਦੀ ਸਿਆਸਤ ਤੱਕ ਭਾਵੇਂ ਵੱਡਾ ਆਗੂ ਹੋਵੇ ਜਾਂ ਵਰਕਰ, ਸਿਆਸਤ ਦਾ ਇਹ ਨਵਾਂ ਰੰਗ ਲਗਭਗ ਸਾਰਿਆਂ ‘ਤੇ ਚੜ੍ਹਿਆ ਪਰ ਨਤੀਜਿਆਂ ਵਿਚ ਵੋਟਰਾਂ ਨੇ ਇਹ ਦੱਸ ਦਿੱਤਾ ਕਿ ਸਿਆਸਤ ਦੀ ਇਹ ਚਲਾਕੀ ਕੁੱਲ੍ਹ ਮਿਲਾ ਕੇ ਵੋਟਰਾਂ ਨੂੰ ਪਸੰਦ ਨਹੀਂ ਆਈ ਅਤੇ ਦੂਜੀਆਂ ਪਾਰਟੀਆਂ ਤੋਂ ਇੰਪੋਰਟ ਕੀਤੇ ਆਗੂਆਂ ਨਾਲ ਨਾ ਸਿਰਫ਼ ਪਾਰਟੀ ਦੇ ਟਕਸਾਲੀ ਆਗੂਆਂ ਦਾ ਮਨੋਬਲ ਟੁੱਟਿਆ, ਸਗੋਂ ਇੰਪੋਰਟ ਆਗੂ ਵੀ ਉਮੀਦ ਦੇ ਅਨੁਸਾਰ ਚੋਣ ਨਤੀਜੇ ਨਹੀਂ ਦੇ ਸਕੇ। ਚੋਣਾਂ ਦੇ ਨਤੀਜਿਆਂ ਤੋਂ ਕਈ ਅਜਿਹੇ ਸੀਨੀਅਰ ਆਗੂਆਂ ਨੂੰ ਮਾਤ ਖਾਣੀ ਪਈ, ਜਿਨ੍ਹਾਂ ਨੇ ਆਪਣੀ ਪਾਰਟੀ ਤੋਂ ਵੱਖ ਹੋ ਕੇ ਆਪਣੀ ਦੁਬਾਰਾ ਸਿਆਸੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ। ਅਜੋਕੇ ਸੋਸ਼ਲ ਮੀਡੀਆ ਦੇ ਜ਼ਮਾਨੇ ਦਾ ਵੋਟਰ ਸਿਆਸਤਦਾਨਾਂ ਤੋਂ ਜ਼ਿਆਦਾ ਚਲਾਕ ਹੋ ਚੁੱਕਾ ਹੈ।
ਮਹਾਨਗਰ ਅਤੇ ਪੰਜਾਬ ਦੇ ਕਈ ਨਿਗਮਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਅਤੇ ਪਾਰਟੀਆਂ ਦੇ ਵਰਕਰਾਂ ਵੱਲੋਂ ਆਪਣੇ-ਆਪਣੇ ਦਾਅਵੇ ਪਾਰਟੀ ਹਾਈਕਮਾਨ ਅੱਗੇ ਪੇਸ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਵਰਕਰਾਂ ਨੇ ਆਪਣੇ ਪੱਧਰ ‘ਤੇ ਵਾਰਡਾਂ ਵਿਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ਪਰ ਮੌਜੂਦਾ ਸਥਿਤੀ ਭਵਿੱਖ ਦੇ ਉਮੀਦਵਾਰਾਂ ਲਈ ਅਨੁਕੂਲ ਨਹੀਂ ਹੈ। ਦਲ-ਬਦਲ ਦੇ ਰੁਝਾਨ ਦੇ ਨਤੀਜੇ ਅਜੇ ਨਿਗਮ ਚੋਣਾਂ ਵਿਚ ਵੀ ਆਉਣੇ ਬਾਕੀ ਹਨ ਕਿਉਂਕਿ ਸਿਰਫ਼ ਨਗਰ ਨਿਗਮ ਦੀਆਂ ਚੋਣਾਂ ਹੀ ਅਜਿਹੀਆਂ ਚੋਣਾਂ ਹੁੰਦੀਆਂ ਹਨ, ਜਿਸ ਦਾ ਸਿੱਧਾ ਅਤੇ ਨਜ਼ਦੀਕੀ ਵਾਸਤਾ ਆਮ ਲੋਕਾਂ ਅਤੇ ਸਿਆਸਤਦਾਨ ਵਿਚਕਾਰ ਹੁੰਦਾ ਹੈ।