ਨਿਊਯਾਰਕ, 17 ਮਾਰਚ (ਪੰਜਾਬ ਮੇਲ)- ਨਿਊਯਾਰਕ ਵਿਚ ਭਾਰਤ ਦੇ ਕੌਂਸੁਲੇਟ ਜਨਰਲ ਤੇ ਫੈਡਰੇਸ਼ਨ ਆਫ਼ ਇੰਡੀਅਨ ਐਸੋੋਸੀਏਸ਼ਨ (FIA) ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਭਾਰਤੀ ਮੂਲ ਦੀਆਂ ਚਾਰ ਉੱਘੀਆਂ ਮਹਿਲਾਵਾਂ ਨੂੰ ਵੱਖ ਵੱਖ ਖੇਤਰਾਂ ਵਿਚ ਪਾਏ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ।
ਇਨ੍ਹਾਂ ਵਿਚ ‘ਜੇਪੀ ਮੌਰਗਨ’ ਵਿਚ ਸਲਾਹਕਾਰ ਅਤੇ ਰਲੇਵਾਂ ਤੇ ਅਧਿਗ੍ਰਹਿਣ ਦੀ ਆਲਮੀ ਪ੍ਰਮੁੱਖ ਅਨੂ ਆਇੰਗਰ , ‘ਏ ਸੀਰੀਜ਼ ਮੈਨੇਜਮੈਂਟ ਐਂਡ ਇਨਵੈਸਟਮੈਂਟਸ’ ਦੀ ਸੀਈਓ ਤੇ ਬਾਨੀ ਅੰਜੁਲਾ ਅਚਾਰੀਆ , ‘ਐੱਲਡੀਪੀ ਵੈਂਚਰਜ਼ ਦੀ ਸੀਈਓ ਤੇ ਬਾਨੀ ਅਤੇ ‘ਵਿਮੈਨਸ ਐਂਟਰਪ੍ਰਿਨਿਓਰਸ਼ਿਪ ਡੇਅ ਆਰਗੇਨਾਈਜ਼ੇਸ਼ਨ ਦੀ ਬਾਨੀ ਵੈਂਡੀ ਡਾਇਮੰਡ (Wendy Diamond) ਤੇ ਸੀਐੱਨਬੀਸੀ ਦੀ ਪੱਤਰਕਾਰ ਤੇ ਮੇਜ਼ਬਾਨ ਸੀਮਾ ਮੋਦੀ ਸ਼ਾਮਲ ਹਨ। ਨਿਊਯਾਰਕ ਵਿਚ ਪਿਛਲੇ ਹਫ਼ਤੇ ਸੱਤਵੇਂ ਸਾਲਾਨਾ ਕੌਮਾਂਤਰੀ ਮਹਿਲਾ ਦਿਵਸ ਮੌਕੇ ਭਾਰਤੀ ਕੌਂਸੁਲੇਟ ਜਨਰਲ ਵੱਲੋਂ ਇਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਐੱਫਆਈਏ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਕਿ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਤੇ ਇਸ ਪ੍ਰੋਗਰਾਮ ਵਿਚ ‘ਵੱਖ ਵੱਖ ਖੇਤਰਾਂ ਵਿਚ ਪਾਏ ਅਹਿਮ ਯੋਗਦਾਨ’ ਲਈ ਇਨ੍ਹਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ।