ਨਿਊਯਾਰਕ, 22 ਅਪ੍ਰੈਲ (ਪੰਜਾਬ ਮੇਲ)- ਨਿਊਯਾਰਕ ਦੀ ਇੱਕ ਅਪੀਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਪੋਰਨ ਸਟਾਰ ਨੂੰ ਗੁਪਤ ਰੂਪ ਨਾਲ ਪੈਸਿਆਂ ਦੇ ਭੁਗਤਾਨ ਨਾਲ ਜੁੜੇ ਇੱਕ ਮਾਮਲੇ ਵਿਚ ਮੁਕੱਦਮੇ ਦੀ ਸੁਣਵਾਈ ਨੂੰ ਰੋਕਣ ਦੀ ਆਖਰੀ ਸਮੇਂ ਵਿਚ ਕੀਤੀ ਗਈ ਬੇਨਤੀ ਨੂੰ ਰੱਦ ਕਰ ਦਿੱਤਾ। ਟਰੰਪ ਨੇ ਇਹ ਬੇਨਤੀ ਜਿਊਰੀ ਦੀ ਚੋਣ ‘ਚ ਬੇਲੋੜੀ ਜਲਦਬਾਜ਼ੀ ਦੀਆਂ ਬਚਾਅ ਪੱਖ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕੀਤੀ ਸੀ। ਜਸਟਿਸ ਮਾਰਸ਼ਾ ਮਾਈਕਲ ਨੇ ਸੰਖੇਪ ਸੁਣਵਾਈ ਤੋਂ ਕੁਝ ਮਿੰਟਾਂ ਬਾਅਦ ਹੀ ਫੈਸਲਾ ਸੁਣਾਇਆ। ਸੁਣਵਾਈ ਰੋਕੇ ਜਾਣ ਦੀ ਬੇਨਤੀ ‘ਤੇ ਮੱਧ-ਪੱਧਰੀ ਅਪੀਲੀ ਅਦਾਲਤ ਵਿਚ ਦਲੀਲਾਂ ਉਸ ਸਮੇਂ ਪੇਸ਼ ਕੀਤੀਆਂ ਗਈਆਂ, ਜਦੋਂ ਕੁਝ ਹੀ ਘੰਟੇ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਲਈ ਜਿਊਰੀ ਚੋਣ ਪ੍ਰਕਿਰਿਆ ਪੂਰੀ ਹੋਈ ਸੀ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸੋਮਵਾਰ ਤੋਂ ਟਰੰਪ ਦੇ ਖਿਲਾਫ ਅਪਰਾਧਿਕ ਮਾਮਲੇ ‘ਚ ਬਹਿਸ ਸ਼ੁਰੂ ਹੋ ਸਕਦੀ ਹੈ।
ਟਰੰਪ ਵੱਲੋਂ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਪੈਸੇ ਦੇਣ ਦਾ ਇਹ ਮਾਮਲਾ 2016 ਦਾ ਹੈ। ਉਸ ਸਮੇਂ ਟਰੰਪ ਦੇ ਇੱਕ ਪੋਰਨ ਸਟਾਰ ਨਾਲ ਸਬੰਧ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਅਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸ ਨੂੰ ਲੁਕਾਉਣ ਲਈ ਸਟੋਰਮੀ ਨੂੰ 1 ਲੱਖ 30 ਹਜ਼ਾਰ ਡਾਲਰ ਦਿੱਤੇ ਸਨ। ਸਾਬਕਾ ਰਾਸ਼ਟਰਪਤੀ ਦੀ ਕੰਪਨੀ ਨੇ ਇਹ ਪੈਸੇ ਆਪਣੇ ਵਕੀਲ ਮਾਈਕਲ ਕੋਹੇਨ ਨੂੰ ਦਿੱਤੇ ਸਨ, ਜਿਸ ਨੇ ਟਰੰਪ ਦੀ ਤਰਫੋਂ ਪੋਰਨ ਸਟਾਰ ਨੂੰ ਇਸ ਦਾ ਭੁਗਤਾਨ ਕੀਤਾ। ਇਸ ਮਾਮਲੇ ਵਿਚ ਅਜਿਹੇ ਸਮੇਂ ਸੁਣਵਾਈ ਹੋ ਰਹੀ ਹੈ, ਜਦੋਂ ਟਰੰਪ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਸੰਭਾਵਿਤ ਉਮੀਦਵਾਰ ਹਨ।