#AMERICA

ਨਿਊਯਾਰਕ ਦਾ ਗੁਜਰਾਤੀ ਭਾਰਤੀ ਰਾਕੇਸ਼ ਪਟੇਲ ਗੰਭੀਰ ਅਪਰਾਧ ਦੇ ਦੋਸ਼ ‘ਚ ਡੇਲਾਵੇਅਰ ਸਟੇਟ ਪੁਲਿਸ ਵੱਲੋਂ Arrest

ਨਿਊਯਾਰਕ, 25 ਮਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਪਿਛਲੇ ਛੇ ਮਹੀਨਿਆਂ ਤੋਂ ਧੋਖਾਧੜੀ ਦੇ ਮਾਮਲਿਆਂ ‘ਚ ਇਕ ਤੋਂ ਬਾਅਦ ਇਕ ਗੁਜਰਾਤੀ ਗ੍ਰਿਫ਼ਤਾਰ ਹੋ ਰਹੇ ਹਨ। ਅਜਿਹੇ ਇਕ ਹੋਰ ਮਾਮਲੇ ‘ਚ ਨਿਊਯਾਰਕ ਤੋਂ ਰਾਕੇਸ਼ ਪਟੇਲ ਨਾਮੀਂ ਵਿਅਕਤੀ ਨੂੰ ਡੇਲਾਵੇਅਰ ਸਟੇਟ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਫਲਸ਼ਿੰਗ, ਨਿਊਯਾਰਕ ਦੇ ਨਿਵਾਸੀ ਰਾਕੇਸ਼ ਪਟੇਲ ਦੀ ਉਮਰ 35 ਸਾਲ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਸਸੇਕਸ ਜੇਲ੍ਹ ਵਿਚ ਨਜ਼ਰਬੰਦ ਹੈ। ਅਦਾਲਤ ਨੇ 1,03,000 ਡਾਲਰ ਦੇ ਨਕਦ ਬਾਂਡ ਤਹਿ ਕੀਤਾ ਹੈ।
ਦੱਸਣਯੋਗ ਹੈ ਕਿ ਰਾਕੇਸ਼ ਪਟੇਲ ਨੂੰ 20 ਮਈ, 2024 ਨੂੰ ਮਿਲਸਬੋਰੋ ਦੇ ਨੇੜੇ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ‘ਤੇ 100,000 (ਇਕ ਲੱਖ) ਡਾਲਰ ਤੋਂ ਵੱਧ ਦੀ ਲੁੱਟ ਅਤੇ ਅਪਰਾਧ ਕਰਦੇ ਸਮੇਂ ਆਪਣੀ ਪਛਾਣ ਛੁਪਾਉਣ ਦੇ  ਦੋ ਸੰਗੀਨ ਦੋਸ਼ ਲਗਾਏ ਗਏ ਸਨ। 100,000 ਡਾਲਰ ਤੋਂ ਵੱਧ ਦੀ ਚੋਰੀ ਦਾ ਦੋਸ਼ ਵੀ ਲਗਾਇਆ ਗਿਆ ਸੀ, ਜੋ ਕਲਾਸ ਬੀ ਦਾ ਅਪਰਾਧ ਮੰਨਿਆ ਜਾਦਾ ਹੈ। ਇਸ ਵਿਚ ਦੋਸ਼ੀ ਦੇ ਦੋਸ਼ ਸਾਬਤ ਹੋਣ ‘ਤੇ ਉਸ ਨੂੰ ਦੋ ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਜਿਹੜੇ ਮਾਮਲੇ ਵਿਚ ਰਾਕੇਸ਼ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਵਿਚ ਸ਼ਿਕਾਇਤਕਰਤਾ, ਜੋ ਮਿੱਲਸਬੋਰੋ, ਡੇਲਾਵੇਅਰ ਰਾਜ ਦੀ ਇੱਕ ਔਰਤ ਹੈ, ਜਿਸ ਨਾਲ ਉਸ ਨੇ ਅਕਤੂਬਰ 2023 ਤੋਂ ਧੋਖਾਧੜੀ ਕੀਤੀ ਜਾ ਰਹੀ ਸੀ।
ਔਰਤ ਨੇ ਫਰਵਰੀ 2024 ਵਿਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਡੇਲਾਵੇਅਰ ਰਾਜ ਦੀ ਪੁਲਿਸ ਨੇ ਐੱਫ.ਬੀ.ਆਈ. ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਇੱਕ ਵਿਅਕਤੀ ਨੇ ਆਪਣੀ ਪਛਾਣ ਸੰਘੀ ਏਜੰਟ ਵਜੋਂ ਦਿੱਤੀ ਅਤੇ ਔਰਤ ਨੂੰ ਇਹ ਕਹਿ ਕੇ ਧਮਕਾਇਆ ਕਿ ਉਸ ਦੇ ਬੈਂਕ ਦੇ ਖਾਤੇ ਵਿਚ ਉਸ ਦੇ ਪੈਸੇ ਸੁਰੱਖਿਅਤ ਨਹੀਂ ਹਨ। ਔਰਤ ਨੂੰ ਉਸ ਕੋਲ ਪਏ ਸਾਰੇ ਪੈਸੇ ਸੋਨੇ ਵਿਚ ਬਦਲਣ ਲਈ ਵੀ ਕਿਹਾ। ਪੁਲਿਸ ਅਨੁਸਾਰ, ਫੋਨ ‘ਤੇ ਵਿਅਕਤੀ ਨੇ ਔਰਤ ਨੂੰ ਇਹ ਵੀ ਕਿਹਾ ਕਿ ਉਹ ਉਸ ਤੋਂ ਸੋਨਾ ਇਕੱਠਾ ਕਰੇਗਾ ਅਤੇ ਸੋਨਾ ਅਮਰੀਕਾ ਦੇ ਖਜ਼ਾਨੇ ਨੂੰ ਭੇਜ ਦੇਵੇਗਾ, ਜਿੱਥੇ ਇਹ ਸੁਰੱਖਿਅਤ ਰਹੇਗਾ ਅਤੇ ਸਮੇਂ ਸਿਰ ਉਸ ਨੂੰ ਵਾਪਸ ਕਰ ਦਿੱਤਾ ਜਾਵੇਗਾ।
ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਸਮੇਂ ਪੁਲਿਸ ਨੂੰ ਗੁਜਰਾਤੀ ਭਾਰਤੀ ਰਾਕੇਸ਼ ਪਟੇਲ ਦੀ ਸ਼ਮੂਲੀਅਤ ਦੇ ਸਬੂਤ ਮਿਲੇ ਸਨ। ਲੰਮੀ ਜਾਂਚ ਤੋਂ ਬਾਅਦ ਡੇਲਾਵੇਅਰ ਦੀ ਪੁਲਿਸ ਨੇ ਆਖਰਕਾਰ ਰਾਕੇਸ਼ ਪਟੇਲ ਨੂੰ 20 ਮਈ ਨੂੰ ਮਿਲਸਬਰੋ ਵਿਚ ਗ੍ਰਿਫ਼ਤਾਰ ਕੀਤਾ ਅਤੇ ਉਥੋਂ ਟਰੂਪ 4 ਵਿਚ ਲਿਆਂਦਾ ਗਿਆ ਹੈ। ਜਿੱਥੇ ਫਿਲਹਾਲ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਰਾਕੇਸ਼ ਪਟੇਲ ਨਾਲ ਇਸ ਸਕੈਂਡਲ ‘ਚ ਹੋਰ ਕੌਣ-ਕੌਣ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਬਜ਼ੁਰਗ ਨਾਗਰਿਕਾਂ ਨੂੰ ਡਰਾ-ਧਮਕਾ ਕੇ ਜਾਂ ਕੋਈ ਹੋਰ ਲਾਲਚ ਦੇ ਕੇ ਜਾਂ ਉਨ੍ਹਾਂ ਦੇ ਪੈਸੇ ਨੂੰ ਸੋਨੇ ਵਿਚ ਬਦਲਣ ਲਈ ਕਹਿ ਕੇ ਉਨ੍ਹਾਂ ਤੋਂ ਸੋਨਾ ਲੁੱਟਣ ਦਾ ਧੰਦਾ ਵੱਡੇ ਪੱਧਰ ‘ਤੇ ਚੱਲ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਘੁਟਾਲੇ ਦੀਆਂ ਤਾਰਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਹਨ, ਜਿਸ ਵਿਚ ਭਾਰਤ ਵਿਚ ਚੱਲ ਰਹੇ ਫਰਜ਼ੀ ਕਾਲ ਸੈਂਟਰਾਂ ਰਾਹੀਂ ਨਿਸ਼ਾਨਾ ਲੱਭ ਕੇ ਉਸ ਤੋਂ ਪੈਸੇ ਜਾਂ ਸੋਨਾ ਵਸੂਲਣ ਲਈ ਅਮਰੀਕਾ ਵਿਚ ਰਹਿੰਦੇ ਭਾਰਤੀਆਂ ਅਤੇ ਖ਼ਾਸ ਕਰਕੇ ਗੁਜਰਾਤੀਆਂ ਨੂੰ ਭੇਜਿਆ ਜਾਂਦਾ ਹੈ।
ਇਸ ਤਰ੍ਹਾਂ ਹੀ ਇਸ ਮਈ 2024 ਵਿਚ ਹੀ ਅਜਿਹੇ ਇੱਕ ਧੋਖਾਧੜੀ ਦੇ ਮਾਮਲੇ ਵਿਚ ਪੰਜ ਗੁਜਰਾਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਲੋਰੀਡਾ ਸੂਬੇ ‘ਚ ਇਸੇ ਤਰ੍ਹਾਂ ਦੇ ਇਕ ਮਾਮਲੇ ‘ਚ ਪੀੜਤਾ ਤੋਂ ਸੋਨਾ ਲੈਣ ਆਈ ਗੁਜਰਾਤੀ ਔਰਤ ਸ਼ਵੇਤਾ ਪਟੇਲ ਨੂੰ ਪੁਲਿਸ ਨੇ ਫੜਿਆ ਸੀ, ਫਿਰ ਵਿਸਕਾਨਸਿਨ ਸੂਬੇ ‘ਚ ਇਕ ਮਾਮਲੇ ‘ਚ ਲਿਗਨੇਸ਼ ਪਟੇਲ ਨਾਂ ਦੇ ਇਕ ਹੋਰ ਗੁਜਰਾਤੀ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਇਕ ਹੋਰ ਧਰੁਵ ਪਟੇਲ ਨਾਂ ਦੇ ਗੁਜਰਾਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨਿਊਯਾਰਕ ਵਿਚ ਇੱਕ ਧੋਖਾਧੜੀ ਦੇ ਮਾਮਲੇ ਵਿਚ ਕੈਨੇਡਾ ਤੋਂ ਅਮਰੀਕਾ ਆਏ ਇਕ ਪਾਰਥ ਪਟੇਲ ਨਾਂ ਦੇ ਗੁਜਰਾਤੀ ਨੌਜਵਾਨ ਨੂੰ ਜਾਰਜੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।