– ਸੁਰੱਖਿਆ ਖਤਰੇ ਕਾਰਨ ਰੋਮ ‘ਚ ਉਤਰਿਆ ਜਹਾਜ਼
– ਕੁਝ ਯਾਤਰੀਆਂ ਨੂੰ ਹੋਰਨਾਂ ਉਡਾਣਾਂ ਰਾਹੀਂ ਭੇਜਣ ਦਾ ਪ੍ਰਬੰਧ
-66 ਯਾਤਰੀਆਂ ਵਿਚੋਂ ਬਹੁਗਿਣਤੀ ਭਾਰਤੀ ਜਿਨ੍ਹਾਂ ਕੋਲ ਇਟਲੀ ‘ਚ ਦਾਖ਼ਲੇ ਦਾ ਵੀਜ਼ਾ ਨਹੀਂ
ਵਾਸ਼ਿੰਗਟਨ, 25 ਫਰਵਰੀ (ਪੰਜਾਬ ਮੇਲ)- ਅਮਰੀਕੀ ਏਅਰਲਾਈਨਜ਼ ਦੀ ਫਲਾਈਟ ਏਏ-292, ਜੋ ਕਿ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਸੀ, ਨੂੰ ਸੁਰੱਖਿਆ ਖ਼ਤਰੇ ਕਾਰਨ ਰੋਮ (ਇਟਲੀ) ਵੱਲ ਮੋੜ ਦਿੱਤਾ ਗਿਆ। ਬੰਬ ਦੀ ਧਮਕੀ ਵਾਲੀ ਈਮੇਲ ਮਿਲਣ ਤੋਂ ਬਾਅਦ ਫਲਾਈਟ ਨੂੰ ਰੋਮ ਦੇ ਫਿਉਮਿਸੀਨੋ ਹਵਾਈ ਅੱਡੇ ਵੱਲ ਮੋੜਿਆ ਗਿਆ ਸੀ। ਸੂਤਰਾਂ ਮੁਤਾਬਕ ਨਿਊਯਾਰਕ ਤੋਂ ਉਡਾਣ ਭਰਨ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੂੰ ਸੰਭਾਵਿਤ ਵਿਸਫੋਟਕ ਯੰਤਰ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਫਲਾਈਟ ਨੂੰ ਰੋਮ, ਇਟਲੀ ਵੱਲ ਮੋੜ ਦਿੱਤਾ ਗਿਆ।
ਨਿਊਯਾਰਕ ਤੋਂ ਨਵੀਂ ਦਿੱਲੀ ਆ ਰਹੀ ਅਮਰੀਕਨ ਏਅਰਲਾਈਨਜ਼ ਦੀ ਇਸ ਫਲਾਈਟ ‘ਚ ਸਵਾਰ ਕੁਝ ਯਾਤਰੀਆਂ ਨੂੰ ਅੱਗੇ ਦੀ ਯਾਤਰਾ ਲਈ ਹੋਰਨਾਂ ਉਡਾਣਾਂ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ ਗਿਆ। ਲਿਓਨਾਰਦੋ ਦਾ ਵਿੰਚੀ-ਫਯੂਮੀਨਿਓ ਹਵਾਈ ਅੱਡੇ ਦੇ ਤਰਜਮਾਨ ਨੇ ਇਕ ਬਿਆਨ ਵਿਚ ਕਿਹਾ, ”66 ਯਾਤਰੀ, ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤੀ ਹਨ ਤੇ ਜਿਨ੍ਹਾਂ ਕੋਲ ਇਟਲੀ ਵਿਚ ਦਾਖ਼ਲੇ ਦਾ ਵੀਜ਼ਾ ਨਹੀਂ ਹੈ, ਨੂੰ ਤਰਜੀਹ ਦਿੱਤੀ ਗਈ ਹੈ।”
ਬਿਆਨ ਮੁਤਾਬਕ ਇਨ੍ਹਾਂ ਯਾਤਰੀਆਂ ਲਈ ਹਵਾਈ ਅੱਡੇ ਦੀ ਲੌਂਜ ਵਿਚ ਰੁੱਕਣ ਦਾ ਪ੍ਰਬੰਧ ਕੀਤਾ ਗਿਆ ਅਤੇ ਅਮਰੀਕੀ ਏਅਰਲਾਈਨ ਤੇ ਰੋਮ ਹਵਾਈ ਅੱਡੇ ਦੇ ਸਟਾਫ਼ ਵੱਲੋਂ ਉਨ੍ਹਾਂ ਦੀ ਸਹਾਇਤਾ ਕੀਤੀ ਗਈ। ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚ 200 ਤੋਂ ਵੱਧ ਲੋਕ ਸਵਾਰ ਸਨ, ਜਦੋਂ ਫਲਾਈਟ ਨੂੰ ਐਤਵਾਰ ਨੂੰ ਰੋਮ ਵੱਲ ਮੋੜਨਾ ਪਿਆ।
ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਉਡਾਣ ਏਏ292 ਨੂੰ ਮਿਲੀ ਧਮਕੀ ਤੋਂ ਫੌਰੀ ਮਗਰੋਂ ਦਿੱਲੀ ਹਵਾਈ ਅੱਡੇ ‘ਤੇ ਬੰਬ ਥਰੈੱਟ ਅਸੈੱਸਮੈਂਟ ਕਮੇਟੀ (ਬੀ.ਟੀ.ਏ.ਸੀ.) ਬਣਾਈ ਗਈ। ਕਮੇਟੀ ਨੇ ਨੇੜਲੇ ਹਵਾਈ ਅੱਡੇ ‘ਤੇ ਜਹਾਜ਼ ਦੇ ਨਿਰੀਖਣ ਦੀ ਮੰਗ ਕੀਤੀ ਤੇ ਮਗਰੋਂ ਲੋੜੀਂਦੀ ਜਾਂਚ ਲਈ ਉਡਾਣ ਨੂੰ ਰੋਮ ਵੱਲ ਮੋੜ ਦਿੱਤਾ ਗਿਆ।
ਐਤਵਾਰ ਨੂੰ ਅਮਰੀਕਨ ਏਅਰਲਾਈਨਜ਼ ਨੇ ਇੱਕ ਬਿਆਨ ਵਿਚ ਕਿਹਾ ਕਿ ਫਲਾਈਟ ਏਏ292 ਨੂੰ ‘ਸੰਭਾਵੀ ਸੁਰੱਖਿਆ ਫ਼ਿਕਰਾਂ’ ਕਰਕੇ ਰੋਮ ਵੱਲ ਮੋੜ ਦਿੱਤਾ ਗਿਆ ਸੀ। ਏਅਰਲਾਈਨ ਨੇ ਇਹ ਕਿਹਾ ਸੀ ਕਿ ਦਿੱਲੀ ਹਵਾਈ ਅੱਡੇ ਦੇ ਪ੍ਰੋਟੋਕੋਲ ਅਨੁਸਾਰ, ਫਲਾਈਟ ਦੇ ਦਿੱਲੀ ਵਿਚ ਉਤਰਨ ਤੋਂ ਪਹਿਲਾਂ ਇੱਕ ਨਿਰੀਖਣ ਦੀ ਲੋੜ ਸੀ।
ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ਬੰਬ ਦੀ ਧਮਕੀ ਕਾਰਨ ਹੋਈ ਡਾਈਵਰਟ
