#AMERICA #INDIA

ਨਿਊਯਾਰਕ ‘ਚ ਸਟ੍ਰੀਟ ਦਾ ਨਾਮ ‘ਗੁਰੂ ਤੇਗ ਬਹਾਦਰ ਜੀ ਵੇਅ’ ਰੱਖਿਆ ਗਿਆ

ਸਿੱਖ ਭਾਈਚਾਰੇ ਲਈ ਇਤਿਹਾਸਕ ਅਤੇ ਮਾਣਮੱਤਾ ਪਲ
ਕਵੀਨਜ਼/ਨਵੀਂ ਦਿੱਲੀ, 19 ਅਕਤੂਬਰ (ਪੰਜਾਬ ਮੇਲ)- ਨਿਊਯਾਰਕ ਸਿਟੀ ਨੇ ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਵਿਲੱਖਣ ਸ਼ਰਧਾਂਜਲੀ ਭੇਟ ਕੀਤੀ ਹੈ। ਕਵੀਨਜ਼ ਵਿਚ 114ਵੀਂ ਸਟਰੀਟ ਅਤੇ 101ਵੀਂ ਐਵੇਨਿਊ ਦੇ ਚੌਰਾਹੇ ਨੂੰ ਹੁਣ ਅਧਿਕਾਰਤ ਤੌਰ ‘ਤੇ ‘ਗੁਰੂ ਤੇਗ ਬਹਾਦਰ ਜੀ ਵੇਅ’ ਦਾ ਨਾਮ ਦਿੱਤਾ ਗਿਆ ਹੈ।
ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਅਤੇ ਮਾਣਮੱਤਾ ਪਲ ਹੈ। ਇਹ ਇੱਕ ਇਤਿਹਾਸਕ ਘਟਨਾ ਹੈ, ਕਿਉਂਕਿ ਨਿਊਯਾਰਕ ਭਾਰਤ ਤੋਂ ਬਾਹਰ ਪਹਿਲਾ ਸ਼ਹਿਰ ਬਣ ਗਿਆ ਹੈ, ਜਿੱਥੇ ਇੱਕ ਸਿੱਖ ਗੁਰੂ ਜੀ ਦੇ ਨਾਮ ਨੂੰ ਇੱਕ ਗਲੀ (ਸਟ੍ਰੀਟ) ਸਮਰਪਿਤ ਕੀਤੀ ਗਈ ਹੈ।
ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਦੁਨੀਆਂ ਭਰ ਵਿਚ ਵਿਆਪਕ ਤੌਰ ‘ਤੇ ਮਨਾਇਆ ਜਾ ਰਿਹਾ ਹੈ।
ਇਹ ਸਨਮਾਨ ਗੁਰੂ ਤੇਗ ਬਹਾਦਰ ਜੀ ਦੀ ਅਮਰ ਵਿਰਾਸਤ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਨਿਆਂ ਲਈ ਸਰਵਉੱਚ ਕੁਰਬਾਨੀ ਦਿੱਤੀ।