#AMERICA

ਨਿਊਯਾਰਕ ‘ਚ ਜ਼ੋਹਰਾਨ ਮਮਦਾਨੀ ਨੇ ਮੇਅਰ ਦੀ ਚੋਣ ਜਿੱਤ ਕੇ ਇਤਿਹਾਸ ਰਚਿਆ

ਵਾਸ਼ਿੰਗਟਨ, 5 ਨਵੰਬਰ (ਪੰਜਾਬ ਮੇਲ)- ਨਿਊਯਾਰਕ ਸ਼ਹਿਰ ਦੀਆਂ ਮੇਅਰ ਚੋਣਾਂ ‘ਚ ਭਾਰਤੀ ਮੂਲ ਦੇ ਉਮੀਦਵਾਰ ਜੋਹਰਾਨ ਮਮਦਾਨੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਡੈਮੋਕ੍ਰੇਟਿਕ ਸੋਸ਼ਲਿਸਟ ਉਮੀਦਵਾਰ ਮਮਦਾਨੀ ਨੇ ਇਨ੍ਹਾਂ ਚੋਣਾਂ ‘ਚ ਸਾਬਕਾ ਗਵਰਨਰ ਐਂਡ੍ਰਿਊ ਕੁਓਮੋ ਅਤੇ ਰਿਪਬਲਿਕਨ ਉਮੀਦਵਾਰ ਕਰਟਿਸ ਸਲਿਵਾ ਨੂੰ ਕਰਾਰੀ ਹਾਰ ਦਿੱਤੀ ਹੈ। ਸ਼ਹਿਰ ਦੇ ਚੋਣ ਬੋਰਡ ਨੇ ਰਿਪੋਰਟ ਦਿੱਤੀ ਕਿ 20 ਲੱਖ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਪਾਈ, ਜੋ ਕਿ 1969 ਤੋਂ ਬਾਅਦ ਕਿਸੇ ਮੇਅਰ ਦੀ ਚੋਣ ਵਿਚ ਸਭ ਤੋਂ ਵੱਧ ਵੋਟਿੰਗ ਹੈ। ਸ਼ਹਿਰ ਦੀ ਆਬਾਦੀ ਲਗਭਗ 8.5 ਮਿਲੀਅਨ ਹੈ।
ਇਸ ਜਿੱਤ ਨਾਲ ਜੋਹਰਾਨ ਮਮਦਾਨੀ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਅਤੇ ਪਹਿਲੇ ਦੱਖਣੀ ਏਸ਼ੀਆਈ ਮੂਲ ਦੇ ਮੇਅਰ ਬਣ ਗਏ ਹਨ। ਇਸ ਤੋਂ ਇਲਾਵਾ 34 ਸਾਲਾ ਮਮਦਾਨੀ ਇੱਕ ਸਦੀ ਤੋਂ ਵੱਧ ਸਮੇਂ ਵਿਚ ਸ਼ਹਿਰ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਵੀ ਹੋਣਗੇ।
ਜੋਹਰਾਨ ਮਮਦਾਨੀ ਮਸ਼ਹੂਰ ਭਾਰਤੀ ਫਿਲਮ ਨਿਰਮਾਤਾ ਮੀਰਾ ਨਾਇਰ ਦੇ ਪੁੱਤਰ ਹਨ, ਜਦਕਿ ਉਨ੍ਹਾਂ ਦੇ ਪਿਤਾ ਮਹਿਮੂਦ ਮਮਦਾਨੀ ਦਾ ਜਨਮ ਮੁੰਬਈ ਵਿਚ ਹੋਇਆ ਸੀ। ਇਹ ਜਿੱਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ, ਜਿਨ੍ਹਾਂ ਨੇ ਖੁੱਲ੍ਹੇ ਤੌਰ ‘ਤੇ ਮਮਦਾਨੀ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਸੀ ਅਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਂਡ੍ਰਿਊ ਕੁਓਮੋ ਦਾ ਸਮਰਥਨ ਕੀਤਾ ਸੀ।
ਮਮਦਾਨੀ ਨੇ ਆਪਣੇ ਪ੍ਰਚਾਰ ਵਿਚ ਮੁੱਖ ਤੌਰ ‘ਤੇ ਕਿਰਾਏ ‘ਤੇ ਕੰਟਰੋਲ ਵਧਾਉਣ ਅਤੇ ਰਿਹਾਇਸ਼ੀ ਸੰਕਟ ਨੂੰ ਖ਼ਤਮ ਕਰਨ ਵਰਗੇ ਪ੍ਰਗਤੀਸ਼ੀਲ ਵਾਅਦੇ ਕੀਤੇ ਸਨ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਉਨ੍ਹਾਂ ਦਾ ਕਾਫ਼ੀ ਸਮਰਥਨ ਕੀਤਾ ਤੇ ਵੋਟ ਪਾ ਕੇ ਉਨ੍ਹਾਂ ਨੂੰ ਸ਼ਹਿਰ ਦਾ ਮੇਅਰ ਬਣਾਇਆ। ਜ਼ੋਹਰਾਨ ਮਮਦਾਨੀ ਨੇ ਆਰਥਿਕ ਅਸਮਾਨਤਾ ਨੂੰ ਦੂਰ ਕਰਨ ਲਈ ਬੁਨਿਆਦੀ ਤਬਦੀਲੀਆਂ ਦਾ ਸਮਰਥਨ ਕੀਤਾ ਹੈ।
ਇਸ ਤੋਂ ਇਲਾਵਾ ਅਮਰੀਕਾ ‘ਚ ਵੱਖ-ਵੱਖ ਥਾਂਵਾਂ ‘ਤੇ ਹੋਈਆਂ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਨੇ ਮੋਰਚਾ ਫਤਿਹ ਕਰ ਲਿਆ ਹੈ। ਨਿਊਯਾਰਕ ਸਿਟੀ ਦੇ ਮੇਅਰ ਤੋਂ ਇਲਾਵਾ ਸਮੇਤ ਅਟਲਾਂਟਾ, ਸਿਨਸਿਨਾਟੀ, ਡੈਟਰੋਇਟ, ਜਰਸੀ ਸਿਟੀ, ਮਿਨੀਐਪਲਿਸ, ਪਿਟਸਬਰਗ ਤੋਂ ਵੀ ਡੈਮਕ੍ਰੋਟਿਕ ਉਮੀਦਵਾਰ ਮੇਅਰ ਦੀਆਂ ਚੋਣਾਂ ਜਿੱਤੇ ਹਨ। ਵਰਜੀਨੀਆ ਚੋਣਾਂ ਵਿਚ ਗਰਵਨਰ, ਲੈਫਟੀਨੈਂਟ ਗਵਰਨਰ, ਅਟਾਰਨੀ ਜਨਰਲ ਅਤੇ ਹਾਊਸ ਆਫ ਡੈਲੀਗੇਟ ਦੀਆਂ ਚੋਣਾਂ ਵਿਚ ਡੈਮੋਕ੍ਰੇਟ ਦੇ ਸਾਰੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰ ਲਈ ਹੈ। ਨਿਊਜਰਸੀ ਤੋਂ ਵੀ ਗਵਰਨਰ ਦੀ ਚੋਣ ‘ਚ ਡੈਮੋਕ੍ਰੇਟਿਕ ਉਮੀਦਵਾਰ ਦੇ ਜਿੱਤਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਕੈਲੀਫੋਰਨੀਆ ਵਿਚ ਪ੍ਰੋਪੋਜ਼ੀਸ਼ਨ-50 ਪਾਸ ਹੋ ਗਿਆ ਹੈ। ਡ੍ਰੈਮੋਕ੍ਰੇਟਿਕ ਗਵਰਨਰ ਗੈਵਿਨ ਨਿਊਸਮ ਅਤੇ ਉਨ੍ਹਾਂ ਦੀ ਪਾਰਟੀ ਕੈਲੀਫੋਰਨੀਆ ਲਈ ਇਕ ਨਵਾਂ ਕਾਂਗਰੇਸ਼ਨਲ ਜ਼ਿਲ੍ਹਾ ਨਕਸ਼ਾ ਅਪਣਾਉਣ ਦਾ ਰਾਹ ਪੱਧਰਾ ਕਰ ਚੁੱਕੇ ਹਨ। ਇਸ ਜਿੱਤ ਨਾਲ ਡੈਮੋਕ੍ਰੇਟ ਪਾਰਟੀ ਨੂੰ ਅਗਲੇ ਸਾਲ ਹੋਣ ਵਾਲੀਆਂ ਮੱਧਕਾਲੀ ਚੋਣਾਂ ਅਤੇ ਉਸ ਤੋਂ ਬਾਅਦ ਹੋਣ ਵਾਲੀਆਂ 2 ਚੋਣਾਂ ਲਈ ਡੈਮੋਕ੍ਰੇਟਸ ਦੇ ਜਿੱਤਣ ਦਾ ਰਾਹ ਪੱਧਰਾ ਹੋ ਗਿਆ ਹੈ।
ਇਹ ਪ੍ਰਸਤਾਵ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਈ ਰਾਜਾਂ ਵਿਚ ਰਿਪਬਲਿਕਨਾਂ ਦੇ ਪੱਖ ਵਿਚ ਜ਼ਿਲ੍ਹਾ ਨਕਸ਼ਿਆਂ ਨੂੰ ਬਣਾਉਣ ਦੇ ਜਵਾਬ ‘ਚ ਤਿਆਰ ਕੀਤਾ ਗਿਆ ਹੈ, ਜਿਵੇਂ ਕਿ 7OP ਅਗਲੇ ਸਾਲ ਆਪਣੇ ਹਾਊਸ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।