#AMERICA

ਨਿਊਯਾਰਕ ‘ਚ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਲਈ ਸਵੈ-ਇੱਛੁਕ ਮੌਤ ਬਿੱਲ ਪਾਸ

-ਬਿੱਲ ਨੂੰ ਗਵਰਨਰ ਕੋਲ ਭੇਜਿਆ; ਲਾਇਲਾਜ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਦੋ ਡਾਕਟਰਾਂ ਦੀ ਲੈਣੀ ਹੋਵੇਗੀ ਮਨਜ਼ੂਰੀ
ਨਿਊਯਾਰਕ, 13 ਜੂਨ (ਪੰਜਾਬ ਮੇਲ)- ਨਿਊਯਾਰਕ ਵਿਧਾਨ ਸਭਾ ਨੇ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਦਵਾਈ ਰਾਹੀਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਕਾਨੂੰਨੀ ਅਧਿਕਾਰ ਦਿੰਦਾ ਕਾਨੂੰਨ ਪਾਸ ਕਰ ਦਿੱਤਾ ਹੈ। ਇਸ ਬਿੱਲ ਨੂੰ ਹੁਣ ਗਵਰਨਰ ਕੋਲ ਭੇਜਿਆ ਗਿਆ ਹੈ। ਬਿੱਲ ਵਿਚ ਕਿਹਾ ਗਿਆ ਹੈ ਕਿ ਲਾਇਲਾਜ ਬਿਮਾਰੀ ਨਾਲ ਜੂਝ ਰਿਹਾ ਕੋਈ ਵਿਅਕਤੀ ਜੇ ਕਿਸੇ ਡਾਕਟਰ ਨੂੰ ਅਪੀਲ ਕਰੇ ਅਤੇ ਦੋ ਡਾਕਟਰ ਉਸ ਨੂੰ ਇਸ ਦੀ ਇਜਾਜ਼ਤ ਦੇਣ ਤਾਂ ਉਸ ਨੂੰ ਜੀਵਨ ਸਮਾਪਤੀ ਵਾਲੀਆਂ ਦਵਾਈਆਂ ਲੈਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਦੇ ਬੁਲਾਰੇ ਨੇ ਕਿਹਾ ਕਿ ਗਵਰਨਰ ਇਸ ਬਿੱਲ ਦੀ ਸਮੀਖਿਆ ਕਰੇਗੀ। ਨਿਊਯਾਰਕ ਵਿਧਾਨ ਸਭਾ ਵਿਚ ਇਸ ਬਿੱਲ ‘ਤੇ ਕਈ ਘੰਟੇ ਬਹਿਸ ਚੱਲੀ। ਇਸ ਮਗਰੋਂ ਸੋਮਵਾਰ ਰਾਤ ਨੂੰ ਇਸ ਬਿੱਲ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਗਈ। ਬਿੱਲ ‘ਤੇ ਬਹਿਸ ਦੌਰਾਨ ਇਸ ਦੇ ਸਮਰਥਕਾਂ ਦਾ ਤਰਕ ਸੀ ਕਿ ਇਸ ਨਾਲ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਆਪਣੀਆਂ ਸ਼ਰਤਾਂ ‘ਤੇ ਜੀਵਨ ਸਮਾਪਤੀ ਦੀ ਇਜਾਜ਼ਤ ਮਿਲੇਗੀ। ਬਿੱਲ ਨੂੰ ਪੇਸ਼ ਕਰਨ ਵਾਲੇ ਸੈਨੇਟਰ ਬਰੈਡ ਹੋਯਲਮੈਨ-ਸੀਗਲ ਨੇ ਕਿਹਾ, ”ਇਸ ਦਾ ਉਦੇਸ਼ ਮੌਤ ਨੂੰ ਨੇੜੇ ਲਿਆਉਣਾ ਨਹੀਂ, ਸਗੋਂ ਪੀੜਾ ਨੂੰ ਖ਼ਤਮ ਕਰਨਾ ਹੈ।” ਇੱਕ ਸੈਨੇਟਰ ਨੇ ਮੈਡੀਕਲ ਦੇਖਭਾਲ ਵਿਚ ਸੁਧਾਰ ਅਤੇ ਕੁੱਝ ਨੇ ਧਾਰਮਿਕ ਆਧਾਰ ‘ਤੇ ਇਸ ਬਾਰੇ ਇਤਰਾਜ਼ ਜਤਾਇਆ।
ਦੂਜੇ ਪਾਸੇ ‘ਨਿਊਯਾਰਕ ਸਟੇਟ ਕੈਥੋਲਿਕ ਕਾਨਫਰੰਸ’ ਦੇ ਕਾਰਜਕਾਰੀ ਨਿਰਦੇਸ਼ਕ ਡੈਨਿਸ ਪਾਸਟ ਨੇ ਬਿੱਲ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ, ”ਇਹ ਨਿਊਯਾਰਕ ਲਈ ਕਾਲਾ ਦਿਨ ਹੈ।” ਇਸ ਨੀਤੀ ਦਾ ਸਮਰਥਨ ਕਰਨ ਵਾਲੀ ਸੰਸਥਾ ‘ਕੰਪੈਸ਼ਨ ਐਂਡ ਚੁਆਇਸਿਜ਼’ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਅਤੇ 11 ਹੋਰ ਸੂਬਿਆਂ ਵਿਚ ਡਾਕਟਰੀ ਸਹਾਇਤਾ ਰਾਹੀਂ ਜੀਵਨ ਸਮਾਪਤੀ ਦੀ ਆਗਿਆ ਦੇਣ ਵਾਲੇ ਕਾਨੂੰਨ ਹਨ।