ਖੰਨਾ, 4 ਫਰਵਰੀ (ਪੰਜਾਬ ਮੇਲ)-ਨਿਊਜ਼ੀਲੈਂਡ ‘ਚ ਹਾਲ ਹੀ ‘ਚ ਨਗਰ ਕੀਰਤਨ ਨੂੰ ਡੈਸਟਨੀ ਚਰਚ ਦੇ ਮੁਖੀ ਬ੍ਰਾਇਨ ਤਮਾਕੀ ਦੀ ਅਗਵਾਈ ਵਾਲੇ ਲੋਕਾਂ ਵੱਲੋਂ ਰੋਕਣ ਨਾਲ ਭਾਰਤੀ ਭਾਈਚਾਰੇ, ਖ਼ਾਸ ਕਰਕੇ ਸਿੱਖਾਂ ਤੇ ਪੰਜਾਬੀਆਂ ‘ਚ ਚਿੰਤਾ ਵਧ ਗਈ ਹੈ। ਬ੍ਰਾਇਨ ਤਮਾਕੀ ਦੀ ਅਗਵਾਈ ਵਾਲੇ ਸਮੂਹ ਵੱਲੋਂ 31 ਜਨਵਰੀ ਨੂੰ ਫਿਰ ਪ੍ਰਦਰਸ਼ਨ ਕਰਕੇ ਨਿਊਜ਼ੀਲੈਂਡ ‘ਚ ਪ੍ਰਵਾਸ ਵਿਰੋਧੀ ਭਾਵਨਾਵਾਂ ਨੂੰ ਭੜਕਾਇਆ ਗਿਆ ਹੈ। ਵਿਕਟੋਰੀਆ ਪਾਰਕ ‘ਚ ਕੀਤੇ ਇਸ ਪ੍ਰਦਰਸ਼ਨ ਬਾਰੇ ਤਮਾਕੀ ਦਾ ਦਾਅਵਾ ਸੀ ਕਿ ਇਸ ਵਿਚ 10 ਹਜ਼ਾਰ ਲੋਕ ਸ਼ਾਮਲ ਹੋਏ ਪਰ ਮੀਡੀਆ ਰਿਪੋਰਟਾਂ ਅਨੁਸਾਰ 1 ਹਜ਼ਾਰ ਤੋਂ ਵੀ ਘੱਟ ਲੋਕ ਸ਼ਾਮਲ ਸਨ। ਤਮਾਕੀ ਨਾਲ ਜੁੜੇ ਸਮੂਹ ਨੇ ਪਹਿਲਾਂ ਵੀ ਦਸੰਬਰ 2025 ਤੇ ਜਨਵਰੀ 2026 ‘ਚ ਨਿਊਜ਼ੀਲੈਂਡ ਦੇ ਮੈਨੂਰੇਵਾ ਅਤੇ ਟੌਰੰਗਾ ਇਲਾਕਿਆਂ ‘ਚ ਨਗਰ ਕੀਰਤਨ ਨੂੰ ਰੋਕਿਆ ਸੀ। ਉਹ ਇਮੀਗ੍ਰੇਸ਼ਨ ਨੂੰ ਨਿਊਜ਼ੀਲੈਂਡ ਦੇ ਸੱਭਿਆਚਾਰ ਲਈ ਖ਼ਤਰਾ ਦੱਸਦੇ ਹਨ। ਇਹ ਅੰਦੋਲਨ, ਵਿਤਕਰਾ ਤੇ ਨਿਊਜ਼ੀਲੈਂਡ ਦੀਆਂ ਸਥਿਤੀਆਂ ਦੇ ਚਲਦੇ ਕਈ ਭਾਰਤੀਆਂ ਤੇ ਪੰਜਾਬੀਆਂ ਨੂੰ ਵਾਪਸ ਵੀ ਪਰਤਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਤਮਾਕੀ ਨਾਲ ਜੁੜੀਆਂ 2 ਸੰਸਥਾਵਾਂ ਨੂੰ ਸਰਕਾਰ ਵੱਲੋਂ ਬੰਦ ਵੀ ਕੀਤਾ ਗਿਆ ਹੈ। ਇਨ੍ਹਾਂ ਸੰਸਥਾਵਾਂ ਨੇ ਕਰੀਬ 5 ਮਿਲੀਅਨ ਡਾਲਰ ਦੇ ਕਰਜ਼ੇ ਦੇਣੇ ਸਨ। ਇਲਜ਼ਾਮ ਲੱਗ ਰਹੇ ਹਨ ਕਿ ਤਮਾਕੀ ਅਜਿਹੇ ਵਿਰੋਧ ਅੰਦੋਲਨਾਂ ਨੂੰ ਪੈਸੇ ਲਈ ਭੜਕਾਉਂਦਾ ਹੈ।
ਨਿਊਜ਼ੀਲੈਂਡ ‘ਚ ਸਿੱਖਾਂ ਤੇ ਭਾਰਤੀਆਂ ਲਈ ਚੁਣੌਤੀਆਂ ਵਧੀਆਂ

