ਸੁਰੱਖਿਆ ‘ਚ ਕੀਤਾ ਗਿਆ ਵਾਧਾ
ਨਿਊਯਾਰਕ, 18 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਨਿਊਜਰਸੀ ਸੂਬੇ ਦੇ ਹੋਬੋਕੇਨ ਸਿਟੀ ਦੇ ਸਿੱਖ ਮੇਅਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਈਮੇਲ ਰਾਹੀਂ ਨਫ਼ਰਤ ਭਰੇ ਪੱਤਰਾਂ ਦੀ ਇੱਕ ਲੜੀ ਮਿਲੀ ਹੈ, ਜਿਸ ਵਿਚ ਅਸਤੀਫ਼ਾ ਨਾ ਦੇਣ ‘ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇੱਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਰਵੀ ਭੱਲਾ, ਜੋ ਨਵੰਬਰ 2017 ਵਿਚ ਹੋਬੋਕੇਨ ਸਿਟੀ ਦੇ ਮੇਅਰ ਵਜੋਂ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ ਸਨ, ਨੇ ਮੰਗਲਵਾਰ ਨੂੰ ਦੱਸਿਆ ਕਿ ਪਹਿਲਾ ਪੱਤਰ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਭੇਜਿਆ ਗਿਆ ਸੀ, ਜਿਸ ਵਿਚ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਸੀ। ਜਦੋਂ ਕਿ ਦੂਜੇ ਪੱਤਰ ਵਿਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ, ਇਹ ਤੀਜਾ ਪੱਤਰ ਸੀ, ਜੋ ਦੂਜੇ ਤੋਂ ਤੁਰੰਤ ਬਾਅਦ ਆਇਆ, ਜਿਸ ਨੇ ਭੱਲਾ ਅਤੇ ਉਸ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ।
ਤੀਜੇ ਪੱਤਰ ਵਿਚ ਲਿਖਿਆ ਹੈ, ”ਇਹ ਤੁਹਾਡੀ ਆਖਰੀ ਚੇਤਾਵਨੀ ਹੈ। ਜੇਕਰ ਤੁਸੀਂ ਤੁਰੰਤ ਅਸਤੀਫਾ ਨਹੀਂ ਦਿੱਤਾ, ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ, ਅਸੀਂ ਤੁਹਾਡੀ ਪਤਨੀ ਨੂੰ ਮਾਰ ਦੇਵਾਂਗੇ, ਅਸੀਂ ਤੁਹਾਡੇ ਬੱਚਿਆਂ ਨੂੰ ਮਾਰ ਦੇਵਾਂਗੇ।” ਇੱਕ ਹੋਰ ਪੱਤਰ ਵਿਚ ਲਿਖਿਆ ਗਿਆ ਸੀ, ”ਤੁਹਾਨੂੰ ਮਾਰਨ ਦਾ ਸਮਾਂ ਆ ਗਿਆ ਹੈ।” 22 ਸਾਲਾਂ ਤੋਂ ਹੋਬੋਕੇਨ ਵਿਚ ਰਹਿ ਰਹੇ ਸਿੱਖ ਮੇਅਰ ਰਵੀ ਭੱਲਾ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 24 ਘੰਟੇ ਸੁਰੱਖਿਆ ਪ੍ਰਦਾਨ ਕੀਤੀ ਹੈ, ਜਿਸ ਵਿਚ ਉਨ੍ਹਾਂ ਦੇ 15 ਅਤੇ 11 ਸਾਲ ਦੇ 2 ਬੱਚਿਆਂ ਦੀ ਸਕੂਲ ਦੀ ਸੁਰੱਖਿਆ ਵੀ ਸ਼ਾਮਲ ਹੈ।
ਨਿਊਜਰਸੀ ਦੇ ਸਿੱਖ ਮੇਅਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਈਮੇਲ ਰਾਹੀਂ ਮਿਲੀ ਜਾਨੋਂ ਮਾਰਨ ਦੀ ਧਮਕੀ
