#AMERICA

ਨਿਊਜਰਸੀ ‘ਚ ਪੰਜਾਬੀ ਔਰਤ ਦਾ ਕਤਲ

-ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਪੰਜਾਬ ਗ੍ਰਿਫ਼ਤਾਰ
ਨਿਊਯਾਰਕ, 18 ਜੂਨ (ਪੰਜਾਬ ਮੇਲ)- ਅਮਰੀਕਾ ਦੇ ਨਿਊਜਰਸੀ ਸੂਬੇ ‘ਚ ਗੋਲੀਬਾਰੀ ਦੀ ਘਟਨਾ ‘ਚ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ ਹੋ ਗਈ, ਜਦਕਿ ਇਕ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਮੁਤਾਬਕ ਗੋਲੀਬਾਰੀ ਦੀ ਇਸ ਘਟਨਾ ਨੂੰ ਕਥਿਤ ਤੌਰ ‘ਤੇ ਭਾਰਤੀ ਮੂਲ ਦੇ 19 ਸਾਲਾ ਨੌਜਵਾਨ ਨੇ ਅੰਜਾਮ ਦਿੱਤਾ ਹੈ। ਕਾਉਂਟੀ ਦੇ ਸਰਕਾਰੀ ਵਕੀਲ ਨੇ ਇੱਕ ਪ੍ਰੈੱਸ ਰਿਲੀਜ਼ ਵਿਚ ਕਿਹਾ ਕਿ ਗੋਲੀਬਾਰੀ 12 ਜੂਨ ਨੂੰ ਉੱਤਰ-ਪੂਰਬੀ ਮਿਡਲਸੈਕਸ ਕਾਉਂਟੀ, ਨਿਊਜਰਸੀ ਵਿਚ ਹੋਈ। ਗੋਲੀਬਾਰੀ ਦੀ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਗੋਲੀਆਂ ਨਾਲ ਜ਼ਖਮੀ ਹੋਈਆਂ ਦੋ ਔਰਤਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ।
ਅਧਿਕਾਰੀਆਂ ਅਨੁਸਾਰ ਕਾਰਟੇਰੇਟ ਦੀ ਜਸਵੀਰ ਕੌਰ (29) ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂਕਿ ਦੂਜੀ ਪੀੜਤ, ਇੱਕ 20 ਸਾਲਾ ਔਰਤ, ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਦੂਜੀ ਪੀੜਤ ਔਰਤ, ਜਸਵੀਰ ਕੌਰ ਦੀ ਰਿਸ਼ਤੇਦਾਰ ਸੀ। ਪੁਲਿਸ ਨੇ ਬਾਅਦ ਵਿਚ ਗੋਲੀਬਾਰੀ ਦੇ ਮਾਮਲੇ ਵਿਚ ਗੌਰਵ ਗਿੱਲ ਨਾਮਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।