#AMERICA

ਨਾਰਥ ਕੈਰੋਲੀਨਾ ਯੂਨੀਵਰਸਿਟੀ ‘ਚ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ; 6 ਹੋਰ ਜ਼ਖਮੀ

ਸੈਕਰਾਮੈਂਟੋ, 2 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਾਰਥ ਕੈਰੋਲੀਨਾ ਵਿਚ ਐਲਿਜ਼ਾਬਥ ਸਿਟੀ ਸਟੇਟ ਯੂਨੀਵਰਸਿਟੀ ਵਿਚ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋਣ ਤੇ 6 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਯੂਨੀਵਰਸਿਟੀ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਬੀਤੇ ਦਿਨੀਂ ਤੜਕਸਾਰ ਵਾਪਰੀ। ਬਿਆਨ ਵਿਚ ਕਿਹਾ ਗਿਆ ਹੈ ਕਿ 24 ਸਾਲਾ ਮ੍ਰਿਤਕ ਯੂਨੀਵਰਸਿਟੀ ਦਾ ਵਿਦਿਆਰਥੀ ਨਹੀਂ ਹੈ। ਗੋਲੀਆਂ ਵੱਜਣ ਕਾਰਨ ਜ਼ਖਮੀ ਹੋਏ 6 ਲੋਕਾਂ ਵਿਚ 3 ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਯੂਨੀਵਰਸਿਟੀ ਨੇ ਕਿਹਾ ਹੈ ਕਿ ਜ਼ਖਮੀਆਂ ਵਿਚੋਂ ਕਿਸੇ ਦੇ ਵੀ ਜ਼ਖਮ ਜਾਨਲੇਵਾ ਨਹੀਂ ਹਨ ਤੇ ਉਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ ਹੈ। ਯੂਨੀਵਰਸਿਟੀ ਨੇ ਘਟਨਾ ਉਪਰ ਅਫਸੋਸ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।