#CANADA

ਨਾਮਵਰ ਸ਼ਾਇਰ ਜਸਵਿੰਦਰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ

ਸਰੀ, 19 ਜੂਨ (ਹਰਦਮ ਮਾਨ/ਪੰਜਾਬ ਮੇਲ)- ਸਰੀ ਸ਼ਹਿਰ ਦੇ ਵਸਨੀਕ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਜਸਵਿੰਦਰ ਨੂੰ ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਸਾਲ 2024 ਦੇ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਸਭਾ ਵੱਲੋਂ ਬੀਤੇ ਦਿਨੀਂ ਟੈਂਪਲ ਕਮਿਊਨਿਟੀ ਹਾਲ, ਕੈਲਗਰੀ ਵਿਚ ਕਰਵਾਏ ਗਏ ਸਾਲਾਨਾ ਸਾਹਿਤਕ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ, ਸ਼ਾਇਰ ਜਸਵਿੰਦਰ ਅਤੇ ਪ੍ਰਸਿੱਧ ਸ਼ਾਇਰ ਕੇਸਰ ਸਿੰਘ ਨੀਰ ਨੇ ਕੀਤੀ।
ਇਸ ਮੌਕੇ ਕੇਸਰ ਸਿੰਘ ਨੀਰ ਨੇ ਕਿਹਾ ਕਿ ਭਾਰਤੀ ਸਾਹਿਤ ਅਕੈਡਮੀ ਦਾ ਵਡੇਰਾ ਐਵਾਰਡ ਹੁਣ ਤੱਕ ਪੰਜਾਬੀ ਦੀਆਂ ਦੋ ਗ਼ਜ਼ਲ ਪੁਸਤਕਾਂ ਨੂੰ ਹੀ ਮਿਲਿਆ ਹੈ : ਡਾ. ਜਗਤਾਰ ਦੀ ਪੁਸਤਕ ‘ਜੁਗਨੂੰ, ਦੀਵਾ ਤੇ ਦਰਿਆ’ ਅਤੇ ਜਸਵਿੰਦਰ ਦੇ ਗ਼ਜ਼ਲ ਸੰਗ੍ਰਹਿ ‘ਅਗਰਬੱਤੀ ਨੂੰ। ਜਸਵਿੰਦਰ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2012 ਲਈ ‘ਸ਼ਰੋਮਣੀ ਕਵੀ ਐਵਾਰਡ’ ਵੀ ਮਿਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਰਪਨ ਲਿਖਾਰੀ ਸਭਾ ਨਾਮਵਰ ਸ਼ਾਇਰ ਜਸਵਿੰਦਰ ਨੂੰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕਰ ਕੇ ਬੇਹੱਦ ਫ਼ਖ਼ਰ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਦੀਆਂ ਤਿੰਨ ਗ਼ਜ਼ਲ ਪੁਸਤਕਾਂ ‘ਕਾਲੇ ਹਰਫ਼ਾਂ ਦੀ ਲੋਅ’, ‘ਕੱਕੀ ਰੇਤ ਦੇ ਵਰਕੇ’ ਅਤੇ ‘ਅਗਰਬੱਤੀ’ ਹਨ। ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ, ਸਕੱਤਰ ਜਰਨੈਲ ਸਿੰਘ ਤੱਗੜ, ਕੇਸਰ ਸਿੰਘ ਨੀਰ, ਸਤਨਾਮ ਢਾਅ, ਜਸਵੰਤ ਸਿੰਘ ਸੇਖੋਂ ਅਤੇ ਸਭਾ ਦੇ ਅਹੁਦੇਦਾਰਾਂ ਵੱਲੋਂ ਇਸ ਮੌਕੇ ਜਸਵਿੰਦਰ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ।
ਸਭਾ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਜਸਵਿੰਦਰ ਨੇ ਕਿਹਾ ਕਿ ਉਹ ਹਮੇਸ਼ਾ ਅਰਪਨ ਲਿਖਾਰੀ ਸਭਾ ਅਤੇ ਕੈਲਗਰੀ ਵਾਸੀਆਂ ਦੇ ਰਿਣੀ ਰਹਿਣਗੇ। ਉਨ੍ਹਾਂ ਸਭਾ ਵੱਲੋਂ ਸਮਾਗਮ ਦੌਰਾਨ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੋੜਣ ਅਤੇ ਉਤਸ਼ਾਹਿਤ ਕਰਨ ਦੇ ਉੱਦਮ ਦੀ ਸ਼ਲਾਘਾ ਕੀਤੀ।