ਨਾਭਾ, 11 ਜਨਵਰੀ (ਪੰਜਾਬ ਮੇਲ)- ਨਾਭਾ ਜੇਲ੍ਹ ‘ਚੋਂ ਇੱਕ ਕੈਦੀ ਵੱਲੋਂ ਮੋਬਾਈਲ ਫ਼ੋਨ ਦੀ ਵਰਤੋਂ ਕਰਕੇ ਡਰੱਗ ਰੈਕੇਟ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹੋਰ ਵੀ ਗੰਭੀਰ ਹੈ ਕਿਉਂਕਿ ਇਸ ਮਾਮਲੇ ਵਿੱਚ ਕੈਦੀ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ ਰਾਹੀਂ ਪਾਕਿਸਤਾਨ ਨੂੰ ਫੋਨ ਕਰਦਾ ਰਿਹਾ ਹੈ। ਇਸ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਕਿ ਪੰਜਾਬ ਦੀ ਜੇਲ੍ਹ ਤੋਂ ਪਾਕਿਸਤਾਨ ਤੱਕ ਫੋਨ ਕਿਵੇਂ ਕੀਤੇ ਜਾਂਦੇ ਹਨ।
ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਹੋਏ ਕਿਹਾ ਕਿ ਸਰਕਾਰ ਜਵਾਬ ਦੇਵੇਂ ਕਿ ਜੇਲ ਅਥਾਰਟੀ ਖਿਲਾਫ ਕੀ ਕਾਰਵਾਈ ਹੋਈ? ਪੰਜਾਬ ਦੇ ਗ੍ਰਹਿ ਸਕੱਤਰ ਨੂੰ ਇਹ ਦੱਸਣ ਦੇ ਹੁਕਮ ਦਿੱਤੇ ਹਨ ਕਿ ਭਵਿੱਖ ਵਿੱਚ ਜੇਲ੍ਹਾਂ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਕੀ ਕਦਮ ਚੁੱਕ ਰਹੀ ਹੈ।
ਦੱਸ ਦਈਏ ਕਿ ਐਸਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਨੇ 15 ਅਕਤੂਬਰ 2022 ਨੂੰ ਦੋ ਲੜਕਿਆਂ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਲੜਕਿਆਂ ਨੇ ਆਪਣੇ ਬਿਆਨ ਵਿੱਚ ਮੁਲਜ਼ਮ ਬਲਦੇਵ ਸਿੰਘ ਦਾ ਨਾਂ ਲਿਆ ਜੋ ਉਸ ਸਮੇਂ ਕਿਸੇ ਹੋਰ ਕੇਸ ਵਿੱਚ ਜੇਲ੍ਹ ਵਿੱਚ ਸੀ। ਬਾਅਦ ਵਿੱਚ ਕੀਤੀ ਗਈ ਤਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਬਲਦੇਵ ਸਿੰਘ ਜੇਲ੍ਹ ਵਿੱਚੋਂ ਹੀ ਫ਼ੋਨ ਰਾਹੀਂ ਇਹ ਰੈਕੇਟ ਚਲਾਉਂਦਾ ਹੈ ਅਤੇ ਉਹ ਅਕਸਰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ ਰਾਹੀਂ ਪਾਕਿਸਤਾਨ ਨਾਲ ਗੱਲਬਾਤ ਵੀ ਕਰਦਾ ਰਹਿੰਦਾ ਹੈ।