ਲੰਡਨ, 4 ਮਾਰਚ (ਪੰਜਾਬ ਮੇਲ)- ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਕੱਤਰ ਜਨਰਲ ਮਾਰਕ ਰੁੱਟ ਨੇ ਵੋਲੋਦੀਮੀਰ ਜ਼ੇਲੈਂਸਕੀ ਅਤੇ ਡੋਨਲਡ ਟਰੰਪ ਵਿਚਕਾਰ ਸ਼ੁੱਕਰਵਾਰ ਨੂੰ ਹੋਈ ਤਿੱਖੀ ਬਹਿਸ ਮਗਰੋਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਨਾਲ ਆਪਣੇ ਸਬੰਧਾਂ ‘ਚ ਸੁਧਾਰ ਕਰਨ ਦਾ ਤਰੀਕਾ ਲੱਭਣਾ ਚਾਹੀਦਾ ਹੈ। ਰੁੱਟ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਉਨ੍ਹਾਂ ਜ਼ੇਲੈਂਸਕੀ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਵੱਲੋਂ ਯੂਕਰੇਨ ਲਈ ਹੁਣ ਤੱਕ ਕੀਤੇ ਗਏ ਕੰਮਾਂ ਦਾ ਸਨਮਾਨ ਕਰਨ। ਉਹ 2019 ‘ਚ ਰਾਸ਼ਟਰਪਤੀ ਵਜੋਂ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕਰ ਰਹੇ ਸਨ, ਜਿਸ ਤਹਿਤ ਯੂਕਰੇਨ ਨੂੰ ਜੈਵਲਿਨ ਟੈਂਕ ਵਿਰੋਧੀ ਮਿਜ਼ਾਈਲਾਂ ਸਪਲਾਈ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਵਰਤੋਂ ਉਸ ਨੇ 2022 ‘ਚ ਰੂਸੀ ਟੈਂਕਾਂ ਖ਼ਿਲਾਫ਼ ਕੀਤਾ ਸੀ। ਰੁੱਟ ਨੇ ਟਰੰਪ ਅਤੇ ਜ਼ੇਲੈਂਸਕੀ ਵਿਚਕਾਰ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਉਹ ਇਹ ਜਾਣਦੇ ਹਨ ਕਿ ਅਮਰੀਕੀ ਪ੍ਰਸ਼ਾਸਨ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਯੂਕਰੇਨ, ਰੂਸ ਨਾਲ ਸਥਾਈ ਸ਼ਾਂਤੀ ਸਥਾਪਿਤ ਕਰ ਸਕੇ।
ਨਾਟੋ ਮੁਖੀ ਵੱਲੋਂ ਯੂਕਰੇਨੀ ਰਾਸ਼ਟਰਪਤੀ ਨੂੰ ਟਰੰਪ ਨਾਲ ਸਬੰਧ ਸੁਧਾਰਨ ਦੀ ਸਲਾਹ
