ਪਟਿਆਲਾ, 2 ਫਰਵਰੀ (ਪੰਜਾਬ ਮੇਲ)- ਨਸ਼ਾ ਤਸਕਰੀ ਸਬੰਧੀ ਕੇਸ ‘ਚ ਸਿੱਟ ਵੱਲੋਂ ਤਲਬ ਕੀਤੇ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਚਾਰ ਨਜ਼ਦੀਕੀਆਂ ਵਿਚੋਂ ਅੱਜ ਦੋ ਪੁੱਛ-ਪੜਤਾਲ ਲਈ ਪੇਸ਼ ਹੋਏ। ਇਨ੍ਹਾਂ ਤੋਂ ਡੀ.ਆਈ.ਜੀ. ਹਰਚਰਨ ਭੁੱਲਰ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਪਟਿਆਲਾ ‘ਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੇਸ਼ ਹੋਣ ਵਾਲੇ ਵਿਅਕਤੀਆਂ ਵਿਚ ਕਰਤਾਰ ਸਿੰਘ ਅਤੇ ਤਰਨਵੀਰ ਸਿੰਘ ਗਿੱਲ ਸ਼ਾਮਲ ਹਨ। ਦਸੰਬਰ 2023 ਵਿਚ ਚੰਨੀ ਸਰਕਾਰ ਵੱਲੋਂ ਇਹ ਕੇਸ ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਮਜੀਠੀਆ ਕੋਲੋਂ ਤਿੰਨ ਵਾਰ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਬੋਨੀ ਅਜਨਾਲਾ, ਅਕਾਲੀ ਆਗੂ ਬਿੱਟੂ ਔਲਖ ਅਤੇ ਜਗਜੀਤ ਚਾਹਲ ਤੋਂ ਵੀ ਗਵਾਹਾਂ ਵਜੋਂ ਸਿੱਟ ਨੇ ਜਾਣਕਾਰੀ ਹਾਸਿਲ ਕੀਤੀ। ਇਸੇ ਕੜੀ ਵਜੋਂ ਸਿੱਟ ਵੱਲੋਂ ਮਜੀਠੀਆ ਦੇ ਨਜ਼ਦੀਕੀ ਚਾਰ ਜਣਿਆਂ ਨੂੰ 2 ਫਰਵਰੀ ਲਈ ਸੰਮਨ ਜਾਰੀ ਕੀਤੇ ਗਏ ਸਨ ਪਰ ਦੋ ਜਣੇ ਹੀ ਪੁੱਜੇ ਹਨ। ਇਨ੍ਹਾਂ ਪਾਸੋਂ ਭੁੱਲਰ ਤੋਂ ਇਲਾਵਾ ਐੱਸ.ਐੱਸ.ਪੀ. ਵਰੁਣ ਸ਼ਰਮਾ, ਐੱਸ.ਪੀ. (ਡੀ) ਯੋਗੇਸ਼ ਸ਼ਰਮਾ, ਡੀ.ਐੱਸ.ਪੀ. ਜਸਵਿੰਦਰ ਟਿਵਾਣਾ ਤੇ ਨਰਿੰਦਰ ਸਿੰਘ ਸਮੇਤ ਇੰਸਪੈਕਟਰ ਦਰਬਾਰਾ ਸਿੰਘ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।