* ਹਿਸਪੈਨਿਕ ਲੋਕਾਂ ਨੂੰ ਬਣਾਇਆ ਸੀ ਨਿਸ਼ਾਨਾ
ਸੈਕਰਾਮੈਂਟੋ, 10 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਐਲ ਪਾਸੋ ਵਿਖੇ 3 ਅਗਸਤ 2019 ਨੂੰ ਵਾਲਮਾਰਟ ਸਟੋਰ ‘ਚ ਨਸਲੀ ਹਮਲੇ ਵਿਚ 23 ਹੱਤਿਆਵਾਂ ਕਰਨ ਵਾਲੇ ਗੋਰੇ ਨੂੰ 90 ਉਮਰ ਕੈਦਾਂ ਦੀ ਸਜ਼ਾ ਸੁਣਾਉਣ ਦੀ ਖਬਰ ਹੈ, ਜਿਸ ਦਾ ਅਰਥ ਹੈ ਕਿ ਉਸ ਦੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿਚ ਹੀ ਕਟੇਗੀ। ਅਜੇ ਵੀ ਉਸ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਲਬਰਟ ਆਰਮਨਡੇਰਿਜ਼ ਸੀਨੀਅਰ ਫੈਡਰਲ ਕੋਰਟ ਹਾਊਸ ਡਾਊਨ ਟਾਊਨ ਐਲ ਪਾਸੋ ਵਿਖੇ ਸੀਨੀਅਰ ਯੂ.ਐੱਸ. ਡਿਸਟ੍ਰਿਕਟ ਜੱਜ ਡੇਵਿਡ ਸੀ ਗੁਆਡਰਮਾ ਨੇ ਸਜ਼ਾ ਲਈ ਤਿੰਨ ਦਿਨ ਚੱਲੀ ਸੁਣਵਾਈ ਉਪਰੰਤ ਪੈਟਰਿਕ ਕਰੂਸਿਸ (24) ਨੂੰ ਉਸ ਵਿਰੁੱਧ ਲੱਗੇ 90 ਸੰਘੀ ਦੋਸ਼ਾਂ ਵਿਚੋਂ ਹਰੇਕ ਦੋਸ਼ ਲਈ ਉਮਰ ਕੈਦ ਦੀ ਸਜਾ ਸੁਣਾਈ, ਜਿਨਾਂ ਦੋਸ਼ਾਂ ਨੂੰ ਕਰੂਸਿਸ ਨੇ ਇਸ ਸਾਲ ਦੇ ਸ਼ੁਰੂ ਵਿਚ ਮੰਨ ਲਿਆ ਸੀ। ਵਾਲਮਾਰਟ ਵਿਚ ਮਾਰੇ ਗਏ ਲੋਕਾਂ ਵਿਚ ਐਲ ਪਾਸੋ, ਜੂਆਰੇਜ਼, ਮੈਕਸੀਕੋ ਤੇ ਜਰਮਨੀ ਦੇ ਲੋਕ ਸ਼ਾਮਲ ਸਨ। ਸੁਣਵਾਈ ਸਮੇਂ ਅਦਾਲਤ ਦਾ ਕਮਰਾ ਖਚਾਖਚ ਭਰਿਆ ਹੋਇਆ ਸੀ। ਮੌਜੂਦ ਲੋਕਾਂ ਵਿਚ ਪੀੜਤ ਤੇ ਹੋਰ ਲੋਕ ਸ਼ਾਮਲ ਸਨ। ਸੁਣਵਾਈ ਦੌਰਾਨ ਕਰੂਸਿਸ ਨੂੰ ਅਦਾਲਤ ਵਿਚ ਬੋਲਣ ਦਾ ਮੌਕਾ ਦਿੱਤਾ ਗਿਆ ਪਰ ਉਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਹਮਲਾਵਰ ਕਰੂਸਿਸ ਐਲਨ, ਟੈਕਸਾਸ ਤੋਂ 700 ਮੀਲ ਦਾ ਪੈਂਡਾ ਕਰਕੇ 3 ਅਗਸਤ 2019 ਦੀ ਸਵੇਰ ਨੂੰ ਐਲ ਪਾਸੋ ਪੁੱਜਾ ਸੀ। ਉਸ ਨੇ ਆਪਣਾ ਵਾਹਣ ਐਲ ਪਾਸੋ ਵਾਲਮਾਰਟ ਦੇ ਸਾਹਮਣੇ ਖੜ੍ਹਾ ਕੀਤਾ। ਬਾਅਦ ਵਿਚ ਉਹ ਆਪਣੇ ਵਾਹਣ ਵਿਚੋਂ ਸੈਮੀਆਟੋਮੈਟਿਕ ਰਾਈਫਲ ਤੇ ਏ.ਕੇ. 47 ਅਸਾਲਟ ਰਾਈਫਲ ਵਰਗੇ ਹਥਿਆਰ ਲੈ ਕੇ ਨਿਕਲਿਆ ਤੇ ਪਾਰਕਿੰਗ ਵਿਚ ਨਿਰਦੋਸ਼ ਲੋਕਾਂ ਨੂੰ ਗੋਲੀਆਂ ਮਾਰਨ ਉਪਰੰਤ ਉਹ ਸਟੋਰ ਵਿਚ ਵੜ ਗਿਆ, ਜਿਥੇ ਉਸ ਨੇ ਹੋਰ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ। ਇਸ ਹਮਲੇ ਵਿਚ 23 ਲੋਕ ਮਾਰੇ ਗਏ ਸਨ ਤੇ ਦਰਜਨਾਂ ਹੋਰ ਜ਼ਖਮੀ ਹੋਏ ਸਨ। ਬਾਅਦ ਵਿਚ ਉਹ ਉਥੋਂ ਫਰਾਰ ਹੋ ਗਿਆ ਸੀ। ਕੁਝ ਮਿੰਟਾਂ ਬਾਅਦ ਹੀ ਉਸ ਨੇ ਇਕ ਇੰਟਰਸੈਕਸ਼ਨ ਨੇੜੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਆਤਮ ਸਮਰਪਣ ਵੇਲੇ ਉਸ ਨੇ ਕਿਹਾ ਸੀ ‘ਹਾਂ ਮੈ ਹਾਂ ਸ਼ੂਟਰ।’ ਉਸ ਨੇ ਲਾਅ ਇਨਫੋਰਸਮੈਂਟ ਅਧਿਕਾਰੀਆਂ ਅੱਗੇ ਮੰਨਿਆ ਕਿ ਉਸ ਨੇ ਹਿਸਪੈਨਿਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ, ਤਾਂ ਜੋ ਮੈਕਸੀਕਨਾਂ ਤੇ ਹੋਰ ਹਿਸਪੈਨਿਕ ਲੋਕਾਂ ਨੂੰ ਅਮਰੀਕਾ ਆਉਣ ਤੋਂ ਰੋਕਿਆ ਜਾ ਸਕੇ।