ਪਟਿਆਲਾ, 7 ਮਾਰਚ (ਪੰਜਾਬ ਮੇਲ)- ਏ.ਡੀ.ਜੀ.ਪੀ. ਮੁਖਵਿੰਦਰ ਛੀਨਾ ਦੀ ਸੇਵਾਮੁਕਤੀ ਉਪਰੰਤ ਪਟਿਆਲਾ ਦੇ ਐੱਸ.ਐੱਸ.ਪੀ. ਵਰੁਣ ਸ਼ਰਮਾ, ਐੱਸ.ਪੀ. (ਡੀ) ਯੋਗੇਸ਼ ਸ਼ਰਮਾ ਅਤੇ ਡੀ.ਐੱਸ.ਪੀ. ਜਸਵਿੰਦਰ ਟਿਵਾਣਾ ਆਦਿ ‘ਤੇ ਆਧਾਰਿਤ ਪਟਿਆਲਾ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਬਣੀ ਸਿਟ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਇਥੇ ਦੂਜੀ ਵਾਰ ਮੁੜ ਪੁੱਛ-ਪੜਤਾਲ ਕੀਤੀ ਗਈ। ਇਹ ਪੁੱਛ-ਪੜਤਾਲ ਕਰੀਬ ਤਿੰਨ ਘੰਟੇ ਚੱਲੀ। ਮਜੀਠੀਆ ਦਾ ਕਹਿਣਾ ਸੀ ਕਿ ਉਹ ਅੱਠ ਵਾਰ ਸੱਦਣ ‘ਤੇ ਸੱਤ ਵਾਰ ਹਾਜ਼ਰ ਹੋਏ ਹਨ ਪਰ ਅਰਵਿੰਦ ਕੇਜਰੀਵਾਲ ਜਾਂਚ ਤੋਂ ਭੱਜ ਰਿਹਾ ਹੈ। ਇਸੇ ਦੌਰਾਨ ਮਜੀਠੀਆ ਨੇ ਇਸੇ ਸਿਟ ਨੂੰ ਸਾਬਕਾ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਦੇ ਖ਼ਿਲਾਫ਼ ਸ਼ਿਕਾਇਤ ਪੱਤਰ ਵੀ ਦਿੱਤਾ ਤੇ ਮੰਗ ਕੀਤੀ ਕਿ ਡੀ.ਜੀ.ਪੀ. ਵਜੋਂ ਉਨ੍ਹਾਂ ਦੇ 22 ਦਿਨਾਂ ਦੇ ਕਾਰਜਕਾਲ ਦੀ ਜਾਂਚ ਕਰਵਾਈ ਜਾਵੇ।