ਮਾਸਕੋ, 25 ਅਪ੍ਰੈਲ (ਪੰਜਾਬ ਮੇਲ)- ਰੂਸ ‘ਚ ਵਿਰੋਧੀ ਧਿਰ ਦੇ ਮਰਹੂਮ ਆਗੂ ਅਲੈਕਸੀ ਨਵਾਲਨੀ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਵਾਲੇ ਪਾਦਰੀ ਨੂੰ ਦੇਸ਼ ਦੇ ਆਰਥੋਡੋਕਸ ਗਿਰਜਾਘਰ ਦੇ ਮੁਖੀ ਨੇ ਤਿੰਨ ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ। ਪਾਦਰੀ ਦਮਿੱਤਰੀ ਸੈਫਰੋਨੋਵ ਨੇ 26 ਮਾਰਚ ਨੂੰ ਮਾਸਕੋ ‘ਚ ਨਵਾਲਨੀ ਦੀ ਕਬਰ ‘ਤੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਸਨ। ਆਰਥੋਡੋਕਸ ਰਵਾਇਤ ਵਿਚ ਮੌਤ ਤੋਂ 40ਵੇਂ ਦਿਨ ਕੀਤੀ ਜਾਂਦੀ ਇਸ ਰਸਮ ਨੂੰ ਰੂਸ ਵਿਚ ਬਹੁਤ ਮੰਨਿਆ ਜਾਂਦਾ ਹੈ। ਮਾਸਕੋ ਡਾਇਓਸੀਜ਼ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਹੁਕਮਾਂ ਵਿਚ ਸੈਫਰੋਨੋਵ ਨੂੰ ਤਿੰਨ ਸਾਲ ਲਈ ਮੁਅੱਤਲ ਕਰਨ ਦੇ ਨਾਲ ਰਾਜਧਾਨੀ ਵਿਚ ਹੀ ਕਿਸੇ ਹੋਰ ਗਿਰਜਾਘਰ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਰੂਸੀ ਆਰਥੋਡੋਕਸ ਗਿਰਜਾਘਰ ਦੇ ਮੁਖੀ ਪੈਟਰੀਆਰਚ ਕਿਰਿਲ ਵੱਲੋਂ ਜਾਰੀ ਉਪਰੋਕਤ ਫੈਸਲੇ ਵਿਚ ਮੁਅੱਤਲੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਨਵਾਲਨੀ ਦੀ 16 ਫਰਵਰੀ ਨੂੰ ਦੂਰ-ਦੁਰਾਡੇ ਆਰਕਟਿਕ ਪੀਨਲ ਕਲੋਨੀ ਵਿਚ ਅਚਾਨਕ ਮੌਤ ਹੋ ਗਈ ਸੀ, ਜਿੱਥੇ ਉਹ ਕੱਟੜਵਾਦ ਦੇ ਦੋਸ਼ ਤਹਿਤ 19 ਸਾਲ ਦੀ ਸਜ਼ਾ ਕੱਟ ਰਹੇ ਸਨ।