#OTHERS

ਨਵਾਜ਼ ਸ਼ਰੀਫ਼ ਦੀ ਪਾਰਟੀ ਵੱਲੋਂ Pakistan ‘ਚ ਗੱਠਜੋੜ ਸਰਕਾਰ ਬਣਾਉਣ ਦੀ ਤਜਵੀਜ਼ ਪੇਸ਼

ਇਸਲਾਮਾਬਾਦ, 12 ਫਰਵਰੀ (ਪੰਜਾਬ ਮੇਲ)- ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿਚ ਕਿਸੇ ਨੂੰ ਸਪਸ਼ਟ ਬਹੁਮਤ ਨਾ ਮਿਲਣ ਕਾਰਨ ਪੈਦਾ ਹੋਈ ਸਿਆਸੀ ਖੜੋਤ ਨੂੰ ਖ਼ਤਮ ਕਰਨ ਲਈ ਵਿਰੋਧੀ ਪਾਰਟੀਆਂ ਨੂੰ ‘ਗੱਠਜੋੜ ਸਰਕਾਰ’ ਬਣਾਉਣ ਦਾ ਸੱਦਾ ਦਿੱਤਾ ਹੈ। ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ 266 ਮੈਂਬਰੀ ਨੈਸ਼ਨਲ ਅਸੈਂਬਲੀ ਵਿਚ ਪੀ.ਐੱਮ.ਐੱਲ.-ਐੱਨ. ਕੋਲ 75 ਸੀਟਾਂ ਹਨ। ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ, ਜਿਸ ਨੇ 101 ਸੀਟਾਂ ਜਿੱਤੀਆਂ ਹਨ, ਨੂੰ ਜ਼ਿਆਦਾਤਰ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ। ਸਾਬਕਾ ਕਾਨੂੰਨ ਮੰਤਰੀ ਆਜ਼ਮ ਨਜ਼ੀਰ ਤਰਾਰ ਨੇ ਕਿਹਾ ਕਿ ਨੈਸ਼ਨਲ ਅਸੈਂਬਲੀ ਵਿਚ ਕਿਸੇ ਵੀ ਸਿਆਸੀ ਪਾਰਟੀ ਨੇ ਬਹੁਮਤ ਹਾਸਲ ਨਹੀਂ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਨਿਰਪੱਖ ਸਨ। ਪੀ.ਐੱਮ.ਐੱਲ.-ਐੱਨ. ਦੇ ਸੀਨੀਅਰ ਨੇਤਾ ਨੇ ਲਾਹੌਰ ਦੇ ਜਾਤੀ ਉਮਰਾ ‘ਚ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਦੀ ਭਵਿੱਖੀ ਕਾਰਵਾਈ ‘ਤੇ ਚਰਚਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਪੀ.ਐੱਮ.ਐੱਲ.-ਐੱਨ. ਨੇ ਆਪਣੇ ਸਾਬਕਾ ਸਹਿਯੋਗੀਆਂ ਨਾਲ ਮਿਲ ਕੇ ਸੰਘੀ ਸਰਕਾਰ ਬਣਾਉਣ ਦਾ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਫਾਰਮੂਲੇ ਮੁਤਾਬਕ ਜੇ ਗੱਠਜੋੜ ਪਾਰਟੀਆਂ ਪੀ.ਐੱਮ.ਐੱਲ.-ਐੱਨ. ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦੇਣ ਲਈ ਸਹਿਮਤ ਹੋ ਜਾਂਦੀਆਂ ਹਨ, ਤਾਂ ਰਾਸ਼ਟਰਪਤੀ ਤੇ ਸਪੀਕਰ ਦਾ ਅਹੁਦਾ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਡਿਪਟੀ ਸਪੀਕਰ ਦਾ ਅਹੁਦਾ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐੱਮ.ਕਿਊ.ਐੱਮ.-ਪੀ.) ਜਾਂ ਗਠਜੋੜ ਵਿਚ ਸ਼ਾਮਲ ਹੋਣ ਵਾਲੇ ਕਿਸੇ ਆਜ਼ਾਦ ਮੈਂਬਰ ਨੂੰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀ.ਐੱਮ.ਐੱਲ.-ਐੱਨ. ਵਿੱਤ ਮੰਤਰਾਲਾ ਆਪਣੇ ਕੋਲ ਰੱਖ ਸਕਦੀ ਹੈ ਅਤੇ ਹੋਰ ਮੰਤਰਾਲੇ ਆਪਸੀ ਸਲਾਹ-ਮਸ਼ਵਰੇ ਨਾਲ ਸਹਿਯੋਗੀਆਂ ‘ਚ ਵੰਡੇ ਜਾਣਗੇ।