#PUNJAB

ਨਵਜੋਤ ਸਿੱਧੂ ਵੱਲੋਂ ਪਟਿਆਲਾ ਤੋਂ ਲੋਕ ਸਭਾ ਚੋਣ ਲੜਨ ਦੇ ਚਰਚੇ

ਅੰਮ੍ਰਿਤਸਰ, 9 ਮਾਰਚ (ਪੰਜਾਬ ਮੇਲ)- ਤਿੰਨ ਵਾਰ ਸੰਸਦ ਮੈਂਬਰ ਰਹੇ ਨਵਜੋਤ ਸਿੰਘ ਸਿੱਧੂ ਦਾ ਆਪਣੀ ਕਰਮ ਭੂਮੀ ਅੰਮ੍ਰਿਤਸਰ ਤੋਂ ਜਨਮ ਭੂਮੀ ਪਟਿਆਲਾ ਵੱਲ ਧਿਆਨ ਕੇਂਦਰਿਤ ਕਰਨ ਦਾ ਮਾਮਲਾ ਇਸ ਵੇਲੇ ਕਾਂਗਰਸੀਆਂ ਵਿਚ ਚਰਚਾ ਦਾ ਵਿਸ਼ਾ ਹੈ। ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਉਹ ਹੁਣ ਅੰਮ੍ਰਿਤਸਰ ਦੀ ਥਾਂ ਪਟਿਆਲਾ ਤੋਂ ਚੋਣ ਲੜ ਸਕਦੇ ਹਨ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਪਹਿਲੀ ਵਾਰ ਹਾਰਨ ਮਗਰੋਂ ਸ਼੍ਰੀ ਸਿੱਧੂ ਦਾ ਰੁਝਾਨ ਅੰਮ੍ਰਿਤਸਰ ਦੀ ਥਾਂ ਪਟਿਆਲਾ ਵੱਲ ਹੋ ਗਿਆ ਹੈ। ਉਹ ਪਹਿਲੀ ਵਾਰ ਚੋਣ ਹਾਰੇ ਹਨ ਅਤੇ ਇਹ ਚੋਣ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਨੇ ਜਿੱਤੀ ਸੀ। ਇਸ ਚੋਣ ਵਿਚ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਦੋਵੇਂ ਹੀ ‘ਆਪ’ ਉਮੀਦਵਾਰ ਕੋਲੋਂ ਹਾਰ ਗਏ ਸਨ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਰੁੱਝੇ ਅੰਮ੍ਰਿਤਸਰ ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ ਨੇ ਕਿਹਾ ਕਿ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕਾਂਗਰਸ ਵੱਲੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸਾਬਕਾ ਮੰਤਰੀ ਓ.ਪੀ. ਸੋਨੀ ਵਿਚੋਂ ਕਿਸੇ ਇੱਕ ਦੀ ਚੋਣ ਹੋ ਸਕਦੀ ਹੈ। ਨਵਜੋਤ ਸਿੰਘ ਸਿੱਧੂ ਵੀ ਮਜ਼ਬੂਤ ਉਮੀਦਵਾਰ ਹਨ ਪਰ ਮੌਜੂਦਾ ਸਮੇਂ ਉਹ ਆਪਣਾ ਆਧਾਰ ਅੰਮ੍ਰਿਤਸਰ ਦੀ ਥਾਂ ਪਟਿਆਲਾ ਤਬਦੀਲ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਪਾਰਟੀ ਉਨ੍ਹਾਂ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਮੈਦਾਨ ਵਿਚ ਉਤਾਰ ਸਕਦੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਰਹੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿਚ ਜਾਣ ਤੋਂ ਬਾਅਦ ਤਸਵੀਰ ਬਦਲ ਚੁੱਕੀ ਹੈ। ਦੂਜੇ ਪਾਸੇ ਸ਼੍ਰੀ ਸਿੱਧੂ ਭਾਵੇਂ ਲੋਕ ਸਭਾ ਚੋਣਾਂ ਨਾ ਲੜਨ ਦਾ ਸੰਕੇਤ ਦੇ ਰਹੇ ਹਨ ਪਰ ਨਵਜੋਤ ਸਿੰਘ ਸਿੱਧੂ ਪਟਿਆਲਾ ਲੋਕ ਸਭਾ ਹਲਕੇ ਦੀ ਕਾਂਗਰਸ ਦੀ ਖਾਲੀ ਹੋਈ ਸੀਟ ਵਾਸਤੇ ਉਚਿਤ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜਨਾ ਜਾਂ ਨਾ ਲੜਨਾ ਸ਼੍ਰੀ ਸਿੱਧੂ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ ਪਰ ਜੇ ਹਾਈ ਕਮਾਨ ਉਸ ਨੂੰ ਚੋਣ ਲੜਨ ਵਾਸਤੇ ਅੰਮ੍ਰਿਤਸਰ ਜਾਂ ਪਟਿਆਲਾ ਲੋਕ ਸਭਾ ਹਲਕੇ ਬਾਰੇ ਆਖਦੀ ਹੈ, ਤਾਂ ਉਸ ਲਈ ਪਟਿਆਲਾ ਲੋਕ ਸਭਾ ਹਲਕਾ ਹੀ ਬਿਹਤਰ ਹੋਵੇਗਾ। ਸ਼੍ਰੀ ਸਿੱਧੂ ਕੈਪਟਨ ਪਰਿਵਾਰ ਨੂੰ ਸਖਤ ਮੁਕਾਬਲਾ ਦੇਣ ਦੇ ਸਮਰੱਥ ਹਨ।