#AMERICA

ਨਫਰਤੀ ਹਮਲਿਆਂ ਦੇ ਮਾਮਲੇ ‘ਚ ਯਹੂਦੀਆਂ ਤੇ ਮੁਸਲਮਾਨਾਂ ਤੋਂ ਬਾਅਦ ਸਿੱਖ ਤੀਸਰੇ ਸਥਾਨ ‘ਤੇ  

ਸੈਕਰਾਮੈਂਟੋ, 11 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ 2024 ਦੇ ਸਾਲਾਨਾ ਨਫਰਤੀ ਅਪਰਾਧ ਅੰਕੜਿਆਂ ਅਨੁਸਾਰ ਸਿੱਖ ਭਾਈਚਾਰਾ ਤੀਸਰੇ ਸਥਾਨ ‘ਤੇ ਹੈ, ਜਿਨ੍ਹਾਂ ਨੂੰ ਧਾਰਮਿਕ ਦਿੱਖ ਕਾਰਨ ਸਮਾਜ ਵਿਰੋਧੀ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਸਭ ਤੋਂ ਵਧ ਪੀੜਤ ਯਹੂਦੀ ਹਨ ਤੇ ਇਸ ਤੋਂ ਬਾਅਦ ਦੂਸਰੇ ਸਥਾਨ ‘ਤੇ ਮੁਸਲਮਾਨ ਭਾਈਚਾਰਾ ਹੈ। ਐੱਫ.ਬੀ.ਆਈ. ਰਿਪੋਰਟ ਅਨੁਸਾਰ 2024 ‘ਚ ਸਿੱਖਾਂ ਵਿਰੁੱਧ ਨਫਰਤੀ ਹਮਲਿਆਂ ਦੇ 153 ਮਾਮਲੇ ਦਰਜ ਹੋਏ ਹਨ, ਜੋ ਕਿ 2023 ਨਾਲੋਂ ਘੱਟ ਹਨ। ਹਾਲਾਂਕਿ ਇਸ ਰਿਪੋਰਟ ਵਿਚ ਮੰਨਿਆ ਗਿਆ ਹੈ ਕਿ ਇਹ ਅੰਕੜੇ ਬੁਨਿਆਦੀ ਤੌਰ ‘ਤੇ ਨਾਮੁਕੰਮਲ ਹਨ ਕਿਉਂਕਿ ਬਹੁਤ ਸਾਰੇ ਮਾਮਲਿਆਂ ਵਿਚ ਪੀੜਤ ਅੱਗੇ ਨਹੀਂ ਆਏ ਤੇ ਉਨ੍ਹਾਂ ਨੇ ਆਪਣੇ ਨਾਲ ਹੋਈ ਵਧੀਕੀ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ। ਸਿੱਖ ਕੁਲੀਸ਼ਨ ਦੀ ਸੀਨੀਅਰ ਫੈਡਰਲ ਪਾਲਿਸੀ ਮੈਨੇਜਰ ਮਨਨਿਰਮਲ ਕੌਰ ਨੇ ਜਾਰੀ ਇੱਕ ਬਿਆਨ ‘ਚ ਸਿੱਖ ਭਾਈਚਾਰੇ ਨੂੰ ਦਰਪੇਸ਼ ਅਸਾਧਾਰਨ ਖਤਰੇ ਦੀ ਗੱਲ ਕਰਦਿਆਂ ਕਿਹਾ ਹੈ ਕਿ ਆਬਾਦੀ ਦੇ ਹਿਸਾਬ ਨਾਲ ਸਿੱਖ ਸਭ ਤੋਂ ਵਧ ਨਸਲੀ ਹਿੰਸਾ ਤੋਂ ਪੀੜਤ ਹਨ। ਉਨ੍ਹਾਂ ਕਿਹਾ ਹੈ ਕਿ ਦੇਸ਼ ਭਰ ਵਿਚ ਨਸਲੀ ਹਮਲਿਆਂ ਦੇ ਮਾਮਲੇ ਵਿਚ ਹੋਏ ਸਧਾਰ ਬਾਰੇ ਰਿਪੋਰਟ ਪਹਿਲਾ ਬੁਨਿਆਦੀ ਕਦਮ ਹੈ, ਜਿਸ ਤੋਂ ਸਮੱਸਿਆ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ।