#PUNJAB

ਨਪੁੰਸਕ ਬਣਾਉਣ ਦਾ ਮਾਮਲਾ: ਮੁੱਖ ਗਵਾਹ ਵੱਲੋਂ ਡੇਰੇ ‘ਤੇ ਧਮਕੀਆਂ ਦੇਣ ਦਾ ਦੋਸ਼

ਮੁੱਖ ਗਵਾਹ ਨੇ ਕੇਸ ਦੀ ਜਿਰ੍ਹਾ ਵੀਡੀਓ ਕਾਨਫਰੰਸ ਰਾਹੀਂ ਕਰਾਉਣ ਦੀ ਕੀਤੀ ਮੰਗ
ਚੰਡੀਗੜ੍ਹ, 14 ਜੁਲਾਈ (ਪੰਜਾਬ ਮੇਲ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖ਼ਿਲਾਫ਼ ਨਪੁੰਸਕ ਬਣਾਉਣ ਸਬੰਧੀ ਕੇਸ ਵਿਚ ਪੀੜਤ ਤੇ ਮੁੱਖ ਗਵਾਹ ਨੇ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਧਮਕੀਆਂ ਮਿਲਣ ਦਾ ਦੋਸ਼ ਲਾਇਆ ਹੈ ਅਤੇ ਅਮਰੀਕਾ ਵਿਚ ਪਨਾਹ ਲਈ ਅਰਜ਼ੀ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਧਮਕੀਆਂ ਕਾਰਨ ਕੇਸ ਵਿਚ ਉਸ ਦੀ ਜਿਰ੍ਹਾ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਜਾਵੇ ਪਰ ਰਾਮ ਰਹੀਮ ਇਸ ਦਾ ਵਿਰੋਧ ਕਰ ਰਿਹਾ ਹੈ। ਇਹ ਪੀੜਤ ਹੀ ਸੀ, ਜਿਸ ਦੀ ਪਟੀਸ਼ਨ ‘ਤੇ 2015 ਵਿਚ ਸੀ.ਬੀ.ਆਈ. ਵੱਲੋਂ ਡੇਰਾ ਮੁਖੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਅਤੇ ਫਿਰ 2018 ਵਿਚ ਡਾਕਟਰਾਂ ਦੀ ਮਿਲੀਭੁਗਤ ਨਾਲ ਪੈਰੋਕਾਰਾਂ ਨੂੰ ਨਪੁੰਸਕ ਬਣਾਏ ਜਾਣ ਸਬੰਧੀ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਪੰਚਕੂਲਾ ਦੀ ਹੇਠਲੀ ਅਦਾਲਤ ਦੇ ਸਾਹਮਣੇ ਪੀੜਤ ਨੇ ਆਪਣੇ ਵਕੀਲ ਨਵਕਿਰਨ ਸਿੰਘ ਰਾਹੀਂ ਦੱਸਿਆ ਕਿ ਉਹ ਜੂਨ 2024 ‘ਚ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਅਮਰੀਕਾ ਚਲਾ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਸੀ। ਉਸ ਨੇ ਕਿਹਾ ਕਿ ਉਹ ਭਾਰਤ ਵਾਪਸ ਆਉਣ ਦਾ ਇੱਛੁਕ ਨਹੀਂ ਹੈ ਪਰ ਮਾਮਲੇ ‘ਚ ਵੀਡੀਓ ਕਾਨਫਰੰਸ ਰਾਹੀਂ ਜਿਰ੍ਹਾ ਕਰਾਉਣ ਲਈ ਤਿਆਰ ਹੈ। ਉਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਸ ਦੀ ਪਤਨੀ ਤੇ ਬੱਚੇ ਭਾਰਤ ਵਾਪਸ ਆ ਗਏ ਹਨ ਤੇ ਟੋਹਾਣਾ (ਹਰਿਆਣਾ) ‘ਚ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਰਾਮ ਰਹੀਮ ਦੇ ਪੈਰੋਕਾਰਾਂ ਵੱਲੋਂ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੇ ਆਧਾਰ ‘ਤੇ ਉਸ ਨੇ ਅਮਰੀਕਾ ‘ਚ ਪਨਾਹ ਲਈ ਅਰਜ਼ੀ ਦਿੱਤੀ ਹੈ। ਗਵਾਹ ਨੇ ਕਿਹਾ ਕਿ ਉਸ ਨੇ ਹਾਲਾਂਕਿ 25 ਮਾਰਚ ਤੇ 8 ਅਪ੍ਰੈਲ ਨੂੰ ਸੀ.ਬੀ.ਆਈ. ਨੂੰ ਪੱਤਰ ਲਿਖ ਕੇ ਆਪਣੇ ਪਰਿਵਾਰਕ ਮੈਂਬਰਾਂ ਲਈ ਸੁਰੱਖਿਆ ਮੰਗੀ ਸੀ ਤੇ ਡੇਰਾ ਮੁਖੀ ਦੇ ਪੈਰੋਕਾਰਾਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਬਾਰੇ ਜਾਣਕਾਰੀ ਦਿੱਤੀ ਸੀ। ਉਸ ਨੇ ਸ਼ਿਕਾਇਤ ਕੀਤੀ ਕਿ ਸੀ.ਬੀ.ਆਈ. ਨੇ ਵੀਡੀਓ ਕਾਨਫਰੰਸ ਰਾਹੀਂ ਗਵਾਹੀ ਦਰਜ ਕਰਾਉਣ ਦੀ ਇਜਾਜ਼ਤ ਮੰਗਣ ਲਈ ਇਸ ਅਦਾਲਤ ‘ਚ ਰਸਮੀ ਅਰਜ਼ੀ ਨਹੀਂ ਦਿੱਤੀ। ਉਸ ਨੇ 11 ਜੁਲਾਈ ਨੂੰ ਅਦਾਲਤ ਨੂੰ ਦੱਸਿਆ ਕਿ 24 ਮਈ ਨੂੰ ਉਸ ਦੇ ਪਰਿਵਾਰ ਦੀ ਸੁਰੱਖਿਆ ਵਾਪਸ ਲੈ ਲਈ ਗਈ ਅਤੇ ਡੇਰਾ ਪੈਰੋਕਾਰਾਂ ਵੱਲੋਂ ਧਮਕੀਆਂ ਦਿੱਤੇ ਜਾਣ ਮਗਰੋਂ ਉਸ ਦੀ ਪਤਨੀ ਨੇ 26 ਮਈ ਨੂੰ ਫਤਿਹਾਬਾਦ ਦੇ ਐੱਸ.ਪੀ., ਸੀ.ਬੀ.ਆਈ. ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇਸ ਬਾਰੇ ਪੱਤਰ ਲਿਖਿਆ ਸੀ। ਦੂਜੇ ਪਾਸੇ ਰਾਮ ਰਹੀਮ ਨੇ 11 ਜੁਲਾਈ ਆਪਣੇ ਵਕੀਲ ਅਮਰ ਡੀ. ਕਾਮਰਾ ਰਾਹੀਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਉਹ ਮੌਜੂਦਾ ਸਮੇਂ ਅਹਿਮ ਗਵਾਹ ਹੈ ਕਿਉਂਕਿ ਉਹ ਸ਼ਿਕਾਇਤਕਰਤਾ ਹੈ, ਜਿਸ ਕਾਰਨ ਇਹ ਕੇਸ ਦਰਜ ਕੀਤਾ ਗਿਆ। ਉਸ ਨੇ ਧਮਕੀਆਂ ਦਿੱਤੇ ਜਾਣ ਦੇ ਦੋਸ਼ਾਂ ਨੂੰ ਵੀ ਝੂਠਾ ਕਰਾਰ ਦਿੱਤਾ। ਇਸੇ ਦੌਰਾਨ ਸੀ.ਬੀ.ਆਈ. ਨੇ ਪੀੜਤ ਦੇ ਪਰਿਵਾਰ ਨੂੰ ਸੁਰੱਖਿਆ ਬਾਰੇ ਅਰਜ਼ੀ ‘ਤੇ ਜਵਾਬ ਦੇਣ ਲਈ ਸਮਾਂ ਮੰਗਿਆ ਹੈ।