#PUNJAB

ਧੀਆਂ ਦੇ 29ਵੇਂ ਲੋਹੜੀ ਮੇਲੇ ਨੇ ਸੱਭਿਆਚਾਰ ਦੇ ਖੇਤਰ ‘ਚ ਵਿਲੱਖਣ ਇਤਿਹਾਸ ਸਿਰਜਿਆ

-125 ਨੰਨ੍ਹੀਆਂ ਬੱਚੀਆਂ ਦੇ ਨਾਲ ਗੁਰਜਤਿੰਦਰ ਰੰਧਾਵਾ, ਕਥੂਰੀਆ, ਮਾਨ, ਭੌਰਾ, ਸੋਢੀਆਂ, ਰੌਣੀ, ਭਿੰਡਰ, ਕਿਰਨ, ਮੋਹਨਜੀਤ, ਹਿਸੋਵਾਲ, ਮਣੀ ਦਾ ਬਾਵਾ ਵੱਲੋਂ ਵਿਸ਼ੇਸ਼ ਸਨਮਾਨ
ਲੁਧਿਆਣਾ, 14 ਜਨਵਰੀ (ਪੰਜਾਬ ਮੇਲ)- ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਗੁਰੂ ਨਾਨਕ ਭਵਨ ਲੁਧਿਆਣਾ ਦੇ ਹਾਲ ਵਿਚ ਲਗਾਇਆ ਧੀਆਂ ਦਾ 29ਵਾਂ ਲੋਹੜੀ ਮੇਲਾ ਸੱਭਿਆਚਾਰਕ ਖੇਤਰ ਵਿਚ ਵਿਲੱਖਣ ਇਤਿਹਾਸ ਰਚ ਗਿਆ। ਇਹ ਮੇਲਾ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਚੇਅਰਪਰਸਨ ਸਿੰਮੀ ਕਵਾਤਰਾ, ਮਹਿਲਾ ਵਿੰਗ ਦੀ ਪ੍ਰਧਾਨ ਇੰਦਰਜੀਤ ਕੌਰ ਉਬਰਾਏ, ਕਨਵੀਨਰ ਰਣਜੀਤ ਸਿੰਘ ਸਰਪੰਚ, ਮਲਕੀਤ ਦਾਖਾ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਬਸੈਮੀ, ਵਾਈਸ ਪ੍ਰਧਾਨ ਰਵਿੰਦਰ ਸਿਆਣ ਕੈਨੇਡਾ, ਨਿਰਮਲ ਜੌੜਾ, ਜਸਵੰਤ ਛਾਪਾ, ਰਛਪਾਲ ਸਿੰਘ ਤਲਵਾੜਾ ਅਤੇ ਸਰਬਜੀਤ ਮਨੂੰ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ। ਮੇਲੇ ਵਿਚ 125 ਨੰਨੀਆਂ ਬੱਚੀਆਂ ਨੂੰ ਸ਼ਗਨ, ਸੂਟ, ਖਿਡਾਉਣੇ, ਮਠਿਆਈ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਸ਼ਾਲ ਭੇਂਟ ਕੀਤੇ ਗਏ।
ਮੇਲੇ ਵਿਚ ਵੱਖ-ਵੱਖ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਉਣ ਲਈ ਜਿਨ੍ਹਾਂ ਸ਼ਖਸੀਅਤਾਂ ਨੂੰ ਸਨਮਾਨ ਦਿੱਤੇ ਗਏ, ਉਨ੍ਹਾਂ ਵਿਚ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸੋਹਣ ਸਿੰਘ ਭਕਨਾ ਯਾਦਗਾਰੀ ਪੁਰਸਕਾਰ, ਐੱਸ. ਅਸ਼ੋਕ ਭੌਰਾ ਨੂੰ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ, ਦਲਬੀਰ ਸਿੰਘ ਕਥੂਰੀਆ ਨੂੰ ਸੰਤ ਸਿੰਘ ਸੇਖੋਂ ਯਾਦਗਾਰੀ ਪੁਰਸਕਾਰ, ਜਗਦੇਵ ਮਾਨ ਨੂੰ ਦੇਵ ਥਰੀਕੇ ਯਾਦਗਾਰੀ ਪੁਰਸਕਾਰ, ਪ੍ਰਿੰਸੀਪਲ ਮਨਜੀਤ ਕੌਰ ਸੋਢੀਆਂ ਨੂੰ ਡਾ. ਰਾਧਾ ਕ੍ਰਿਸ਼ਨਨ ਯਾਦਗਾਰੀ ਐਵਾਰਡ, ਰਣਜੀਤ ਮਣੀ ਨੂੰ ਕੁਲਦੀਪ ਮਾਣਕ ਯਾਦਗਾਰੀ ਪੁਰਸਕਾਰ, ਅਮਰੀਕ ਰੌਣੀ ਨੂੰ ਵਰਿੰਦਰ ਯਾਦਗਾਰੀ ਪੁਰਸਕਾਰ, ਜਦਕਿ ਇੰਦਰਜੀਤ ਪਾਲ ਕੌਰ ਭਿੰਡਰ ਨੂੰ ਦਲੀਪ ਕੌਰ ਟਿਵਾਣਾ ਪੁਰਸਕਾਰ, ਕਿਰਨ ਧਾਲੀਵਾਲ ਯੂ.ਐੱਸ.ਏ. ਨੂੰ ਮਦਰ ਟੈਰੀਸਾ ਯਾਦਗਾਰੀ ਪੁਰਸਕਾਰ, ਡਾ. ਮੋਹਨਜੀਤ ਕੌਰ ਨੂੰ ਮਿਸ ਬਰਾਊਨ ਯਾਦਗਾਰੀ ਪੁਰਸਕਾਰ, ਦਲਜੀਤ ਸਿੰਘ ਹਿਸੋਵਾਲ ਯੂ.ਐੱਸ.ਏ. ਨੂੰ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ ਦਿੱਤੇ ਗਏ। ਸਭ ਸਨਮਾਨਤ ਸ਼ਖਸੀਅਤਾਂ ਨੇ ਮੰਚ ਵੱਲੋਂ 28 ਸਾਲ ਤੋਂ ਧੀਆਂ ਦੀ ਲੋਹੜੀ ਮਨਾਉਣ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬਾਵਾ ਰਾਣਾ ਝਾਂਡੇ ਦੀ ਮਿਹਨਤ ਦੀ ਸਰਾਹਣਾ ਕੀਤੀ।
ਇਸ ਸਮੇਂ ਨੰਨੀਆਂ ਬੱਚੀਆਂ ਲਈ ਮਨੀ ਖੀਵਾ ਵੱਲੋਂ ਦੁੱਧ ਦੀਆਂ ਬੋਤਲਾਂ, ਰਾਹੁਲ ਜਿੰਦਲ ਹੰਬੜਾਂ ਵੱਲੋਂ 125 ਮਠਿਆਈ ਦੇ ਡੱਬੇ, ਅਸ਼ੋਕ ਵਰਮਾਨੀ ਵੱਲੋਂ ਬੱਚਿਆਂ ਲਈ ਖਿਡਾਉਣੇ, ਜਦਕਿ ਸਿੰਮੀ ਕਵਾਤਰਾ ਨੇ ਸਭ ਬੱਚਿਆਂ ਨੂੰ ਸੂਟ ਦਿੱਤੇ। ਇਸ ਸਮੇਂ ਮਾਤਾਵਾਂ ਨੂੰ ਸ਼ਾਲਾਂ ਰਾਣਾ ਝਾਂਡੇ ਜੀ ਦੀ ਮਾਤਾ ਸੁੰਦਰ ਕੌਰ ਜੀ ਨੇ ਭੇਜੀਆਂ ਅਤੇ ਬੱਚਿਆਂ ਨੂੰ ਸ਼ਗਨ ਦੇਣ ਲਈ ਫੈਲੋਥਰੈਪੀ ਕਲੱਬ ਨੇ ਲਖਵਿੰਦਰ ਕੌਰ ਅਤੇ ਸੋਨੀਆ ਦੀ ਅਗਵਾਈ ਵਿਚ ਯੋਗਦਾਨ ਪਾਇਆ, ਜਦਕਿ ਕਰਮਜੀਤ ਕੌਰ ਛੰਦੜਾਂ ਨੇ ਵੀ ਨੰਨੀਆਂ ਬੱਚਿਆਂ ਨੂੰ ਸ਼ਗਨ ਦਿੱਤੇ।
‘ਮੇਲਾ ਧੀਆਂ ਦਾ’ ਗੀਤ ਗਾ ਕੇ ਹਰ ਸਾਲ ਦੀ ਤਰ੍ਹਾਂ ਪਾਲੀ ਦੇਤਵਾਲੀਆ ਨੇ ਸ਼ੁਰੂ ਕੀਤਾ ਅਤੇ ਨਵੇਂ ਪੁਰਾਣੇ ਗੀਤਾਂ ਨਾਲ ਮੇਲੇ ਨੂੰ ਅੱਗੇ ਤੋਰਿਆ। ਮੇਲੇ ਵਿਚ ਜਸਵੰਤ ਸੰਧੀਲਾ ਨੇ ਵੱਖਰੇ ਰੰਗ ਭਰੇ। ਸਰਬਜੀਤ ਮਾਂਗਟ ਨੇ ਨੂੰਹ ਸੱਸ ਦਾ ਗਿੱਧਾ ਅਤੇ ਗਿੱਧੇ ਦੀ ਆਈ ਟੀਮ ਨੇ ਮੇਲੇ ਵਿਚ ਵੱਖਰੀ ਛਾਪ ਛੱਡੀ, ਜਦਕਿ ਸੁਖਵਿੰਦਰ ਸੁੱਖੀ ਨੇ ‘ਜੀਵਨ ਦੀਆਂ ਸੱਚਾਈਆਂ’ ਗੀਤ ਰਾਹੀਂ ਗਾ ਕੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਸੂਫੀ ਬਲਵੀਰ ਆਪਣੇ ਹੀ ਵੱਖਰੇ ਅੰਦਾਜ਼ ਵਿਚ ਆਪਣੀ ਪਹਿਚਾਣ ਮੇਲੇ ਵਿਚ ਛੱਡ ਗਿਆ। ਰਣਜੀਤ ਮਣੀ ਨੇ ‘ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ, ਕੱਟੀਓ ਨਾ ਕਾਲਜ ਵਿਚੋ ਨਾਂਅ’ ਅਤੇ ‘ਮਾਂ ਦਾ ਪਿਆਰ’ ਗੀਤ ਗਾ ਕੇ ਸਭ ਸਰੋਤਿਆਂ ਤੋਂ ਤਾੜੀਆਂ ਵਜਵਾ ਦਿੱਤੀਆਂ। ਇਸ ਸਮੇਂ ਮੁਹੰਮਦ ਸਦੀਕ ਅਤੇ ਗੁਰਭਜਨ ਗਿੱਲ ਨੇ ਮਾਲਵਾ ਟੀ.ਵੀ. ‘ਤੇ ਲਾਈਵ ਦੇਖ ਕੇ ਮਾਲਵਾ ਸੱਭਿਆਚਾਰਕ ਮੰਚ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਰਾਜ ਧਾਲੀਵਾਲ ਦਾ ਗਿੱਧਾ ਆਪਣੇ ਆਪ ਵਿਚ ਹੀ ਮਿਸਾਲ ਸੀ, ਜਦਕਿ ਨਵਜੋਤ ਜਰਗ ਦੀ ਕਵੀਸ਼ਰੀ ਜੱਥੇ ਨੇ ਇਤਿਹਾਸ ਨਾਲ ਤੰਦਾਂ ਜੋੜੀਆਂ। ਮੇਲੇ ‘ਚ ਹੁਸਨਪ੍ਰੀਤ ਕੌਰ ਅਤੇ ਸ਼ਾਲੀਨੀ ਨੇ ਧੀਆਂ ਦੇ ਗੀਤ ਗਾ ਕੇ ਮੇਲਾ ਆਪਣੇ ਨਾਮ ਕੀਤਾ।
ਮੇਲੇ ਵਿਚ ਭਾਰਤ ਦੀਆਂ ਮਹਾਨ ਸ਼ਖਸੀਅਤਾਂ ਡਾ. ਮਨਮੋਹਨ ਸਿੰਘ, ਅਬਦੁਲ ਕਲਾਮ, ਰਤਨ ਟਾਟਾ, ਸਰ ਗੰਗਾ ਰਾਮ, ਸ਼੍ਰੀ ਓ.ਪੀ. ਮੁੰਜਾਲ (ਹੀਰੋ), ਹੰਸਰਾਜ ਪਾਹਵਾ (ਏਵਨ), ਰੋਸ਼ਨ ਲਾਲ ਗੁਪਤਾ (ਆਰ.ਐੱਨ. ਗੁਪਤਾ), ਰਤਨ ਚੰਦ ਗੋਇਲ ਉੱਘੇ ਸਨਅਤਕਾਰ, ਵਿਦਿਆ ਸਾਗਰ ਰਾਮਪਾਲ, ਤਾਰਾ ਸਿੰਘ ਵਿਸ਼ਵਕਰਮਾ ਅਤੇ ਸੱਭਿਆਚਾਰ ਦੇ ਪਿਤਾਮਾ ਜਗਦੇਵ ਸਿੰਘ ਜੱਸੋਵਾਲ, ਸੰਤ ਸਿੰਘ ਸੇਖੋਂ, ਸੁਰਜੀਤ ਪਾਤਰ, ਯਮਲਾ ਜੱਟ, ਨਰਿੰਦਰ ਬੀਬਾ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਅਤੇ ਜਗਮੋਹਣ ਕੌਰ ਨੂੰ ਵੀ ਯਾਦ ਕੀਤਾ ਗਿਆ।
ਮੇਲੇ ਵਿਚ ਪ੍ਰਬੰਧਕ ਸਕੱਤਰ ਰੇਸ਼ਮ ਸਿੰਘ ਸੱਗੂ, ਪ੍ਰੈੱਸ ਇੰਚਾਰਜ ਗੌਰਵ ਮਹਿੰਦਰੂ, ਰਣਵੀਰ ਹੰਬੜਾਂ, ਲਖਵਿੰਦਰ ਸਿੰਘ, ਪ੍ਰੋ. ਗੁਰਸ਼ਰਨ ਕੌਰ, ਉੱਘੇ ਸਨੱਅਤਕਾਰ ਚਰਨਜੀਤ ਸਿੰਘ ਵਿਸ਼ਵਕਰਮਾ, ਇੰਦਰਜੀਤ ਸਿੰਘ ਨਵਯੁਗ, ਰਜਿੰਦਰ ਸਰਹਾਲੀ, ਹਰਜੀਤ ਸਿੰਘ ਸੈਣੀ, ਪ੍ਰਗਟ ਸਿੰਘ ਗਰੇਵਾਲ, ਕਰਨਲ ਭੰਬ, ਸੋਨੀਆ ਅਲੱਗ, ਰਿੰਪੀ ਜੌਹਰ, ਦਵਿੰਦਰ ਬਸੰਤ, ਸਵਰਨ ਕੌਰ ਸੱਗੂ ਆਦਿ ਹਾਜ਼ਰ ਸਨ।
ਇਸ ਸਮੇਂ ਉਮਰਾਓ ਸਿੰਘ ਉੱਘੇ ਸਮਾਜਸੇਵੀ ਹਿਮਾਚਲ ਤੋਂ ਆਏ ਅਤੇ ਪੋਤਰੀ ਦੀ ਲੋਹੜੀ ਦੇ ਲੱਡੂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਨਵੇਂ ਵਿਆਹੇ ਜੋੜਿਆਂ ਵਿਚ ਅਰਜੁਨ ਬਾਵਾ ਅਤੇ ਮਨਜੋਤ ਬਾਵਾ ਨੂੰ ਸ਼ਾਲ ਪਾ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੇ ਆਰੰਭ ਵਿਚ ਗੁਰਪ੍ਰੀਤ ਗੋਗੀ ਵਿਧਾਇਕ ਦੀ ਅਚਾਨਕ ਮੌਤ ‘ਤੇ ਫੋਟੋ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਪਹਿਲਾਂ ਸਮੁੱਚੀ ਮੰਚ ਦੀ ਟੀਮ ਨੇ ਉਨ੍ਹਾਂ ਦੇ ਘਰ ਜਾ ਕੇ ਅਫਸੋਸ ਕੀਤਾ, ਜਦਕਿ ਮੇਲੇ ਦਾ ਉਦਘਾਟਨ ਤਿੰਨ ਮਹੀਨੇ ਦੀ ਨੰਨੀ ਬੱਚੀ ਸੋਨੂੰ ਨੇ ਕੀਤਾ। ਕੇ.ਕੇ. ਬਾਵਾ ਨੇ ਸਰੋਤਿਆਂ ਨੂੰ ਲੋਹੜੀ ਦਾ ਗੁੜ, ਮੂੰਗਫਲੀ, ਗੱਚਕ, ਭੁੱਗੇ ਦੀਆਂ ਪਿੰਨੀਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਮੇਲੇ ਵਿਚ ਆਈਆਂ ਸ਼ਖਸੀਅਤਾਂ ਦੇ ਗਲਾਂ ਵਿਚ ਬੇਟੀ ਦਿਲਰੋਜ਼ ਦੀ ਫੋਟੋ ਵਾਲੇ ਮੈਡਲ ਪਾਏ ਗਏ ਅਤੇ ਸਵੇਰ ਤੋਂ ਚਾਹ ਟੋਸਟ ਅਤੇ ਲੰਗਰ ਅਤੁੱਟ ਵਰਤਾਇਆ ਗਿਆ।