#PUNJAB

ਧਾਰਮਿਕ ਪ੍ਰਚਾਰਕ ਢੱਡਰੀਆਂ ਵਾਲੇ ਖ਼ਿਲਾਫ਼ ਕਤਲ ਤੇ ਜਬਰ ਜਨਾਹ ਦਾ ਕੇਸ ਦਰਜ

– ਮੇਰੇ ‘ਤੇ ਲੱਗੇ ਦੋਸ਼ ਬਿਲਕੁਲ ਝੂਠੇ ਸਾਬਿਤ ਹੋਣਗੇ : ਢੱਡਰੀਆਂਵਾਲਾ
– ਗੁਰਦੁਆਰਾ ਪਰਮੇਸ਼ਰ ਦੁਆਰ ‘ਚ 12 ਸਾਲ ਪਹਿਲਾਂ ਲੜਕੀ ਦੀ ਮੌਤ ਦੇ ਸਬੰਧ ‘ਚ ਹੋਈ ਪੁਲਿਸ ਕਾਰਵਾਈ
– ਕੈਥਲ ਵਾਸੀ ਸਾਹਿਬ ਸਿੰਘ ਦੇ ਬਿਆਨਾਂ ‘ਤੇ ਦਰਜ ਹੋਇਆ ਕੇਸ
ਮਾਛੀਵਾੜਾ ਸਾਹਿਬ, 11 ਦਸੰਬਰ (ਪੰਜਾਬ ਮੇਲ)- ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਕਤਲ ਤੇ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਆਪਣਾ ਪੱਖ ਰੱਖਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਮਾਣਯੋਗ High Court ਦੇ ਆਦੇਸ਼ਾਂ ਤੋਂ ਬਾਅਦ ਉਨ੍ਹਾਂ ‘ਤੇ ਮਾਮਲਾ ਦਰਜ ਹੋਇਆ ਹੈ ਪਰ ਜਾਂਚ ਤੋਂ ਬਾਅਦ ਉਨ੍ਹਾਂ ‘ਤੇ ਲੱਗੇ ਦੋਸ਼ ਬਿਲਕੁਲ ਝੂਠੇ ਸਾਬਿਤ ਹੋਣਗੇ।
ਉਨ੍ਹਾਂ ਕਿਹਾ ਕਿ 13 ਸਾਲ ਪਹਿਲਾਂ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਗੇਟ ਅੱਗੇ ਲੜਕੀ ਨੇ ਖੁਦਕੁਸ਼ੀ ਕੀਤੀ ਸੀ ਅਤੇ ਜਾਂਚ ਤੋਂ ਬਾਅਦ ਕੇਸ ਬਿਲਕੁਲ ਬੰਦ ਹੋ ਗਿਆ ਸੀ। ਉਸ ਸਮੇਂ ਪਰਿਵਾਰ ਨੇ ਕਿਹਾ ਸੀ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਵਾਉਣੀ ਪਰ ਹੁਣ ਉਹ ਮਾਣਯੋਗ ਹਾਈਕੋਰਟ ਵਿਚ ਗਏ ਹਨ, ਜਿਸ ‘ਤੇ ਅਦਾਲਤ ਨੇ ਕਿਹਾ ਕਿ F.I.R. ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਹੁਣ ਪਰਚਾ ਦਰਜ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਾਰੇ ਮਾਮਲੇ ਦੀ ਜਾਂਚ ਕਰੇਗਾ। ਬੇਸ਼ੱਕ ਪੁਲਿਸ ਗੁਰਦੁਆਰਾ ਸਾਹਿਬ ਆ ਕੇ ਜਾਂਚ ਕਰੇ ਤੇ ਇਸ ਮਾਮਲੇ ਸਬੰਧੀ ਜਿੱਥੇ ਵੀ ਮੈਨੂੰ ਬੁਲਾਇਆ ਜਾਵੇਗਾ, ਮੈਂ ਜਾਵਾਂਗਾ ਅਤੇ ਜਾਂਚ ਵਿਚ ਗੁਰਦੁਆਰਾ ਪਰਮੇਸ਼ਵਰ ਦੁਆਰ ਦਾ ਸਮੂਹ ਜੱਥਾ ਵੀ ਸਹਿਯੋਗ ਦੇਵੇਗਾ।
ਭਾਈ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਉਨ੍ਹਾਂ ਦਾ ਰੱਤੀ ਭਰ ਵੀ ਕਸੂਰ ਨਹੀਂ ਨਿਕਲੇਗਾ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ Report ਵਿਚ ਕੋਈ ਵੀ ਬਲਾਤਕਾਰ ਸਬੰਧੀ ਗੱਲ ਨਹੀਂ ਆਈ ਸੀ, ਪਰ ਪਰਿਵਾਰ ਦੇ ਮਨ ਅੰਦਰ ਸ਼ੱਕ ਹੈ ਕਿ ਕਿਤੇ ਉਨ੍ਹਾਂ ਦੀ ਬੱਚੀ ਨਾਲ ਅਜਿਹੀ ਕੋਈ ਘਿਨੌਣੀ ਵਾਰਦਾਤ ਤਾਂ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਇਸ ਮਾਮਲੇ ਦੀ ਜਾਂਚ ਹੋਵੇ, ਪਰ ਹੈਰਾਨੀ ਜ਼ਰੂਰ ਹੈ ਕਿ ਉਨ੍ਹਾਂ ‘ਤੇ ਇੱਕਦਮ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਸਬੰਧੀ ਕੁਝ ਦਿਨ ਜਾਂ ਕੁਝ ਮਹੀਨੇ ਇੰਤਜ਼ਾਰ ਕਰਨਾ ਪੈ ਸਕਦਾ ਹੈ, ਪਰ ਸੱਚ ਆਪਣੇ-ਆਪ ਸਾਹਮਣੇ ਆ ਜਾਵੇਗਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ਤੇ ਪੁਲਿਸ ‘ਤੇ ਪੂਰਾ ਭਰੋਸਾ ਹੈ ਅਤੇ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਸੱਚਾਈ ਸਾਹਮਣੇ ਆਵੇਗੀ ਅਤੇ ਅਸੀਂ ਬੇਕਸੂਰ ਸਾਬਿਤ ਹੋਵਾਂਗੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਜ਼ਾਬਤੇ ‘ਚ ਰਹਿਣ ਤੇ ਆਪਣਾ ਮਨ ਬਿਲਕੁਲ ਸ਼ਾਂਤ ਰੱਖਣ ਅਤੇ ਕੁਝ ਦਿਨ ਬਾਅਦ ਸੱਚਾਈ ਸਾਹਮਣੇ ਆ ਜਾਵੇਗੀ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ 12 ਸਾਲ ਪਹਿਲਾਂ ਲੜਕੀ ਦੀ ਭੇਤ-ਭਰੀ ਹਾਲਤ ‘ਚ ਮੌਤ ਸਬੰਧੀ ਧਾਰਮਿਕ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਖ਼ਿਲਾਫ਼ ਪਟਿਆਲਾ ਦੇ ਥਾਣਾ ਪਸਿਆਣਾ ‘ਚ ਕਤਲ ਅਤੇ ਜਬਰ ਜਨਾਹ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਹਰਿਆਣਾ ਦੇ ਕੈਥਲ ਵਾਸੀ ਸਾਹਿਬ ਸਿੰਘ ਨੇ ਬਿਆਨ ‘ਤੇ ਦਰਜ ਕੀਤਾ ਗਿਆ ਹੈ। ਉਸ ਨੇ ਬਿਆਨ ‘ਚ ਕਿਹਾ ਕਿ ਉਸ ਦੀ ਭੈਣ, ਮਾਂ ਨਾਲ ਗੁਰਦੁਆਰਾ ਪਰਮੇਸ਼ਰ ਦੁਆਰ ਜਾਂਦੀ ਸੀ ਤੇ ਕਈ ਵਾਰ ਉਥੇ ਹੀ ਰਹਿ ਜਾਂਦੀ ਸੀ। ਉਸ ਨੇ ਕਿਹਾ ਕਿ ਇਸ ਦੌਰਾਨ ਹੀ ਉਸ ਦੇ ਬਾਬੇ ਨਾਲ ਕਥਿਤ ਸਬੰਧ ਬਣ ਗਏ। ਉਹ ਜਦੋਂ ਕਥਿਤ ਤੌਰ ‘ਤੇ ਗਰਭਵਤੀ ਹੋ ਗਈ ਸੀ, ਤਾਂ ਉਸ ਨੇ ਬਾਬੇ ਨਾਲ ਗੱਲ ਕੀਤੀ ਪਰ ਉਸ ਨੂੰ ਕਥਿਤ ਤੌਰ ‘ਤੇ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ।