ਵਾਸ਼ਿੰਗਟਨ, 5 ਜੂਨ (ਪੰਜਾਬ ਮੇਲ)- ਦੱਖਣੀ ਫਲੋਰੀਡਾ ਦੀ ਇਕ ਟਰੱਕਿੰਗ ਕੰਪਨੀ ਦੇ ਭਾਰਤੀ ਮੂਲ ਦੇ ਮਾਲਕ ਸੰਜੇ ਸਿੰਘ ਨੂੰ ਸ਼ੁੱਕਰਵਾਰ ਨੂੰ ਇਕ ਵੱਡੀ ‘ਪੋਂਜੀ’ ਸਕੀਮ ਚਲਾਉਣ ਦੇ ਦੋਸ਼ ਵਿਚ 23 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸਨੇ ਹਜ਼ਾਰਾਂ ਮਜ਼ਦੂਰ ਵਰਗ ਦੇ ਨਿਵੇਸ਼ਕਾਂ, ਜਿਨ੍ਹਾਂ ਵਿਚੋਂ ਬਹੁਤੇ ਲੋਕ ਹੈਤੀ, ਕਿਊਬਾ, ਕੋਲੰਬੀਆ ਤੇ ਵੈਨੇਜ਼ੁਏਲਾ ਦੇ ਪ੍ਰਵਾਸੀ ਸਨ, ਨਾਲ ਲੱਖਾਂ ਡਾਲਰਾਂ ਦੀ ਧੋਖਾਧੜੀ ਕੀਤੀ। ਰਾਇਲ ਬੰਗਾਲ ਲੌਜਿਸਟਿਕਸ ਕੰਪਨੀ ਦੇ ਸਾਬਕਾ ਪ੍ਰਧਾਨ, 45 ਸਾਲਾ ਸੰਜੇ ਸਿੰਘ ਨੂੰ ਨਵੰਬਰ ਵਿਚ ਸਾਜ਼ਿਸ਼, ਵਾਇਰ ਧੋਖਾਧੜੀ ਤੇ ਮਨੀ ਲਾਂਡਰਿੰਗ ਦੇ ਦੋਸ਼ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਵਕੀਲਾਂ ਨੇ ਕਿਹਾ ਕਿ ਉਸਨੇ 2020 ਤੇ 2023 ਦੇ ਵਿਚਕਾਰ ਨਿਵੇਸ਼ਕਾਂ ਤੋਂ 158 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਤੇ ਰਕਮ ਦੁੱਗਣੀ ਕਰਨ ਦਾ ਲਾਲਚ ਦੇ ਕੇ ਆਪਣੀ ਕੰਪਨੀ ਵਿਚ ਟਰੱਕਾਂ ਦੀ ਬਹੁ-ਗਿਣਤ ਮਾਲਕੀ ਦਾ ਵਾਅਦਾ ਕਰਕੇ 100 ਮਿਲੀਅਨ ਡਾਲਰ (850 ਕਰੋੜ ਰੁਪਏ) ਦਾ ਧੋਖਾ ਕੀਤਾ।
ਅਦਾਲਤ ਦੇ ਰਿਕਾਰਡਾਂ ਅਨੁਸਾਰ ਸੰਜੇ ਸਿੰਘ ਨੇ ਪੈਸੇ ਨਿਵੇਸ਼ਕਾਂ ਨੂੰ ਦੇਣ ਦੀ ਥਾਂ ਆਪਣੇ ਨਿੱਜੀ ਕਾਰੋਬਾਰ ਲਈ ਵਰਤੇ। ਅਮਰੀਕੀ ਜ਼ਿਲ੍ਹਾ ਜੱਜ ਡੇਵਿਡ ਲੀਬੋਵਿਟਜ਼ ਨੇ ਫੋਰਟ ਲਾਡਰਡੇਲ ਸੰਘੀ ਅਦਾਲਤ ਵਿਚ 23 ਸਾਲ ਦੀ ਸਖਤ ਸਜ਼ਾ ਸੁਣਾਈ, ਜਿਸ ਵਿਚ ਸੰਜੇ ਸਿੰਘ ਨੂੰ ਇਕ ‘ਵੱਡਾ ਧੋਖੇਬਾਜ਼’ ਕਿਹਾ ਗਿਆ, ਜਿਸਨੇ ਆਪਣੇ-ਆਪ ਨੂੰ ਅਮੀਰ ਬਣਾਉਣ ਲਈ ਪੀੜਤਾਂ ਨਾਲ ਝੂਠ ਬੋਲਿਆ। ਮੁਆਵਜ਼ੇ ਦੀ ਸੁਣਵਾਈ 26 ਜੂਨ ਨੂੰ ਹੋਣੀ ਹੈ ਪਰ ਇਸ ਵੇਲੇ ਸੰਜੇ ਸਿੰਘ ਨੂੰ ਬ੍ਰੋਵਾਰਡ ਕਾਉਂਟੀ ਜੇਲ੍ਹ ਵਿਚ ਰੱਖਿਆ ਗਿਆ ਹੈ। ਧੋਖਾਧੜੀ ਦਾ ਇਹ ਸਾਰਾ ਭੇਦ ਉਦੋਂ ਖੁੱਲ੍ਹਿਆ, ਜਦੋਂ ਸੰਘੀ ਜਾਂਚ ਏਜੰਸੀ ਨੇ ਵੇਖਿਆ ਕਿ ਸੰਜੇ ਸਿੰਘ ਨੇ ਰਾਇਲ ਬੰਗਾਲ ਕੰਪਨੀ ਦਾ ਇਕ ਵਧਦੇ ਕਾਰੋਬਾਰ ਵਜੋਂ ਝੂਠਾ ਪ੍ਰਚਾਰ ਕਰਕੇ ਬਹੁਤ ਸਾਰੇ ਹੈਤੀ ਮੂਲ ਦੇ ਲੋਕਾਂ ਤੋਂ ਸੈਂਕੜੇ ਮਿਲੀਅਨ ਡਾਲਰ ਉਧਾਰ ਲਏ, ਜੋ ਪ੍ਰਤੀ ਮਹੀਨਾ ਦਸ ਲੱਖ ਡਾਲਰ ਤੱਕ ਦਾ ਮਾਲੀਆ ਪੈਦਾ ਕਰਦੇ ਸਨ। ਐੱਫ.ਬੀ.ਆਈ. ਅਨੁਸਾਰ ਸੰਜੇ ਸਿੰਘ ਨੇ ਨਿਵੇਸ਼ਕ ਫੰਡਾਂ ਦੀ ਵਰਤੋਂ ਆਪਣੇ ਘਰ ਦੀ ਮੁਰੰਮਤ ਕਰਨ, ਮੌਰਗੇਜ ਭੁਗਤਾਨ ਕਰਨ, ਨਿੱਜੀ ਖਰਚਿਆਂ ਨੂੰ ਪੂਰਾ ਕਰਨ ਅਤੇ ਹਾਸ਼ੀਏ ‘ਤੇ ਸਟਾਕਾਂ ਦਾ ਵਪਾਰ ਕਰਨ ਲਈ ਕੀਤੀ। ਸਰਕਾਰੀ ਵਕੀਲਾਂ ਨੇ ਇਸ ਧੋਖਾਧੜੀ ਨੂੰ ‘ਇਕ ਕਲਾਸਿਕ ਪੋਂਜ਼ੀ ਸਕੀਮ’ ਕਿਹਾ ਜੋ 25 ਸਾਲ ਦੀ ਸਜ਼ਾ ਦੇ ਯੋਗ ਹੈ।
ਦੱਖਣੀ ਫਲੋਰੀਡਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ 100 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਦੋਸ਼ ਹੇਠ 23 ਸਾਲ ਦੀ ਸਜ਼ਾ
