ਹਜ਼ਾਰਾਂ ਲੋਕ ਘਰ ਛੱਡ ਕੇ ਭੱਜੇ
ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਲੀਫੋਰਨੀਆ ਵਿਚ ਜੰਗਲ ਨੂੰ ਲੱਗੀ ਅੱਗ ਨਾਲ ਅਨੇਕਾਂ ਘਰ ਤੇ ਹੋਰ ਇਮਾਰਤਾਂ ਸੜ ਜਾਣ ਤੇ ਲੋਕਾਂ ਵੱਲੋਂ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ ਦੀ ਖਬਰ ਹੈ। ਜੰਗਲੀ ਅੱਗ ਬੁਝਾਉਣ ਸਬੰਧੀ ਰਾਜ ਦੀ ਏਜੰਸੀ ਕਾਲ ਫਾਇਰ ਅਨੁਸਾਰ ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਹੈ ਤੇ ਖੇਤਰ ਵਿਚ ਰਹਿੰਦੇ 10000 ਤੋਂ ਵਧ ਲੋਕ ਆਪਣਾ ਘਰ ਬਾਰ ਛੱਡ ਕੇ ਹੋਰ ਥਾਵਾਂ ‘ਤੇ ਜਾਣ ਲਈ ਮਜਬੂਰ ਹੋ ਗਏ ਹਨ। ਏਜੰਸੀ ਅਨੁਸਾਰ ਅੱਗ ਜੋ ਵੈਂਟੂਰਾ ਕਾਉਂਟੀ ਵਿਚ ਲਾਸ ਏਂਜਲਸ ਦੇ ਦੱਖਣ ਪੱਛਮੀ ਖੇਤਰ ਤੋਂ ਸ਼ੁਰੂ ਹੋਈ ਤੇ ਬਹੁਤ ਤੇਜ਼ੀ ਨਾਲ ਭਾਂਬੜ ‘ਚ ਬਦਲ ਗਈ। ਹੁਣ ਤੱਕ 20000 ਏਕੜ ਤੋਂ ਵਧ ਰਕਬਾ ਸੜ ਚੁੱਕਾ ਹੈ। ਅਜੇ ਤੱਕ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਨਹੀਂ ਜਾ ਸਕਿਆ ਤੇ ਅੱਗ ਬੁਝਾਊ ਅਮਲਾ ਅੱਗ ਉਪਰ ਕਾਬੂ ਪਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ਏਜੰਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਅੱਗ ਫੈਲ ਜਾਣ ਕਾਰਨ ਹੋਰ ਖੇਤਰ ਵਿਚੋਂ ਵੀ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਵੈਂਟੂਰਾ ਕਾਊਂਟੀ ਫਾਇਰ ਕੈਪਟਨ ਟਰੈਵਰ ਜੌਹਨਸਨ ਅਨੁਸਾਰ ਅੱਗ ਨਾਲ ਪ੍ਰਭਾਵਿਤ ਹੋਣ ਵਾਲੇ ਖੇਤਰ ਨੂੰ 12 ਜ਼ੋਨਾਂ ‘ਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਂਟਾ ਪਾਉਲਾ ਸ਼ਹਿਰ ਨੇੜੇ ਉੱਤਰ ਪੂਰਬੀ ਹਿੱਸੇ ਵਿਚ ਅੱਗ ‘ਤੇ ਕਾਬੂ ਪਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 20000 ਤੋਂ ਵਧ ਏਕੜ ਜੰਗਲ ਸੜ ਚੁੱਕਾ ਹੈ ਤੇ ਅੱਗ ਨੇ 6000 ਏਕੜ ਤੋਂ ਵਧ ਹੋਰ ਰਕਬਾ ਆਪਣੀ ਲਪੇਟ ਵਿਚ ਲੈ ਲਿਆ ਹੈ। ਉਨ੍ਹਾਂ ਹੋਰ ਕਿਹਾ ਕਿ ਅੱਗ ਨਾਲ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਅਜੇ ਅਸੰਭਵ ਹੈ। ਫਾਇਰ ਵਿਭਾਗ ਦੇ ਮੁੱਖੀ ਡਸਟਿਨ ਗਾਰਡਨਰ ਨੇ ਵੀਰਵਾਰ ਸਵੇਰੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅੱਗ ਲੱਗੀ ਨੂੰ 26 ਘੰਟੇ ਹੋ ਚੁੱਕੇ ਹਨ ਤੇ ਅੱਗ ਬਹੁਤ ਖਤਰਨਾਕ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰਾਜ ਭਰ ਦੇ ਘੱਟੋ-ਘੱਟ 800 ਮੁਲਾਜ਼ਮ ਅੱਗ ਉਪਰ ਕਾਬੂ ਪਾਉਣ ਦਾ ਯਤਨ ਕਰ ਰਹੇ ਹਨ ਤੇ ਹੋਰ ਕਾਮਿਆਂ ਨੂੰ ਵੀ ਭੇਜਿਆ ਜਾ ਰਿਹਾ ਹੈ। ਅੱਗ ਬੁਝਾਉਣ ਲਈ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਵੀ ਮਦਦ ਲਈ ਜਾ ਰਹੀ ਹੈ।