#EUROPE

ਦੁਨੀਆ ‘ਚ 1 ਅਰਬ ਤੋਂ ਵੱਧ ਆਬਾਦੀ ਬੇਹੱਦ ਗਰੀਬੀ ‘ਚ ਜੀਅ ਰਹੇ ਨੇ : ਸੰਯੁਕਤ ਰਾਸ਼ਟਰ ਦੀ ਰਿਪੋਰਟ

ਸੰਯੁਕਤ ਰਾਸ਼ਟਰ, 19 ਅਕਤੂਬਰ (ਪੰਜਾਬ ਮੇਲ)- ਦੁਨੀਆਂ ਵਿਚ ਇੱਕ ਅਰਬ ਤੋਂ ਵੱਧ ਲੋਕ ਬੇਹੱਦ ਗਰੀਬੀ ਵਿਚ ਜੀਅ ਰਹੇ ਹਨ ਅਤੇ ਇਨ੍ਹਾਂ ਵਿਚੋਂ ਅੱਧੇ ਬੱਚੇ ਹਨ, ਜਦੋਂ ਕਿ ਕਰੀਬ 40 ਅਜਿਹੇ ਲੋਕ ਸੰਘਰਸ਼ ਵਾਲੇ ਜਾਂ ਅਸਥਿਰ ਦੇਸ਼ਾਂ ਵਿਚ ਰਹਿ ਰਹੇ ਹਨ। ਸੰਯੁਕਤ ਰਾਸ਼ਟਰ ਵੱਲੋਂ ਵੀਰਵਾਰ ਨੂੰ ਜਾਰੀ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਅਤੇ ਆਕਸਫੋਰਡ ਯੂਨੀਵਰਸਿਟੀ ਦੀ ਆਕਸਫੋਰਡ ਗਰੀਬੀ ਅਤੇ ਮਨੁੱਖੀ ਵਿਕਾਸ ਪਹਿਲਕਦਮੀ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ 83 ਫ਼ੀਸਦੀ ਤੋਂ ਵੱਧ ਗਰੀਬ ਲੋਕ ਪੇਂਡੂ ਖੇਤਰਾਂ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਲੋਕਾਂ ਦੇ ਇੰਨੇ ਫ਼ੀਸਦੀ ਹੀ ਉਪ-ਸਹਾਰਾ ਅਫਰੀਕਾ ਅਤੇ ਦੱਖਣੀ ਏਸ਼ੀਆ ਵਿਚ ਰਹਿੰਦੇ।
ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਤੇ ਆਕਸਫੋਰਡ 2010 ਤੋਂ ਹੀ ਹਰ ਸਾਲ ਬਹੁ-ਆਯਾਮੀ ਗਰੀਬੀ ਸੂਚਕ ਅੰਕ ਜਾਰੀ ਕਰ ਰਹੇ ਹਨ, ਜਿਸ ਵਿਚ ਸਿਹਤ, ਸਿੱਖਿਆ ਅਤੇ ਜੀਵਨ ਪੱਧਰ ਸਮੇਤ 10 ਸੂਚਕ ਅੰਕਾਂ ਨੂੰ ਆਧਾਰ ਬਣਾਇਆ ਜਾਂਦਾ ਹੈ। ਇਸ ਸਾਲ ਦੇ ਸੂਚਕ ਅੰਕ ਨੇ 112 ਦੇਸ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ, ਜਿਸ ਵਿਚ ਦੁਨੀਆਂ ਦੀ 6.3 ਅਰਬ ਆਬਾਦੀ ਰਹਿੰਦੀ ਹੈ। ਸੂਚਕ ਅੰਕ ਅਨੁਸਾਰ, 1.1 ਅਰਬ ਲੋਕ ਬਹੁਤ ਗਰੀਬੀ ਵਿਚ ਜੀਅ ਰਹੇ ਹਨ, ਜਿਨ੍ਹਾਂ ਵਿਚੋਂ ਲਗਭਗ ਅੱਧੇ 5 ਦੇਸ਼ਾਂ ਭਾਰਤ (23.4 ਕਰੋੜ), ਪਾਕਿਸਤਾਨ (9.3 ਕਰੋੜ), ਇਥੋਪੀਆ (8.6 ਕਰੋੜ), ਨਾਈਜੀਰੀਆ (7.4 ਕਰੋੜ) ਅਤੇ ਕਾਂਗੋ (6.6 ਕਰੋੜ) ਰਹਿੰਦੇ ਹਨ।
ਰਿਪੋਰਟ ਦੇ ਅਨੁਸਾਰ, ਬਹੁਤ ਜ਼ਿਆਦਾ ਗਰੀਬੀ ਵਿਚ ਰਹਿ ਰਹੇ ਲੋਕਾਂ ਵਿਚੋਂ ਲਗਭਗ ਅੱਧੇ, ਯਾਨੀ 58.4 ਕਰੋੜ ਬੱਚੇ ਹਨ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਇਨ੍ਹਾਂ ਵਿਚੋਂ 31.7 ਕਰੋੜ ਲੋਕ ਉਪ-ਸਹਾਰਾ ਅਫਰੀਕਾ ਵਿਚ ਰਹਿੰਦੇ ਹਨ, ਜਦੋਂ ਕਿ 18.4 ਕਰੋੜ ਲੋਕ ਦੱਖਣੀ ਏਸ਼ੀਆ ਵਿਚ ਰਹਿੰਦੇ ਹਨ। ਇਸ ਮੁਤਾਬਕ ਅਫਗਾਨਿਸਤਾਨ ਵਿਚ ਗਰੀਬੀ ਵਧੀ ਹੈ ਅਤੇ ਗਰੀਬ ਬੱਚਿਆਂ ਦਾ ਅਨੁਪਾਤ ਵੀ ਲਗਭਗ 59 ਫ਼ੀਸਦੀ ਹੈ। ਯੂ.ਐੱਨ.ਡੀ.ਪੀ. ਅਤੇ ਆਕਸਫੋਰਡ ਨੇ ਕਿਹਾ ਕਿ ਇਸ ਸਾਲ ਦੀ ਰਿਪੋਰਟ ਸੰਘਰਸ਼ ਦੇ ਵਿਚਕਾਰ ਗਰੀਬੀ ‘ਤੇ ਕੇਂਦਰਿਤ ਹੈ, ਕਿਉਂਕਿ 2023 ਵਿਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਧ ਸੰਘਰਸ਼ ਹੋਏ ਅਤੇ ਯੁੱਧ, ਆਫ਼ਤਾਂ ਅਤੇ ਹੋਰ ਕਾਰਕਾਂ ਕਾਰਨ ਹੁਣ ਤੱਕ ਦੀ ਸਭ ਤੋਂ ਵੱਡੀ ਸੰਖਿਆ ਯਾਨੀ 11.7 ਕਰੋੜ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਬੇਘਰ (ਵਿਸਥਾਪਿਤ) ਹੋਣਾ ਪਿਆ।