#OTHERS

ਦੁਨੀਆਂ ਦੀ 26 ਫੀਸਦੀ ਆਬਾਦੀ ਪੀਣਯੋਗ ਸਾਫ਼ ਪਾਣੀ ਨੂੰ ਤਰਸੀ

ਸੰਯੁਕਤ ਰਾਸ਼ਟਰ, 27 ਮਾਰਚ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ‘ਚ ਖੁਲਾਸਾ ਕੀਤਾ ਗਿਆ ਹੈ ਕਿ ਦੁਨੀਆਂ ਦੀ 26 ਫੀਸਦੀ ਆਬਾਦੀ ਕੋਲ ਪੀਣਯੋਗ ਸਾਫ਼ ਪਾਣੀ ਨਹੀਂ ਹੈ, ਜਦੋਂਕਿ 46 ਫੀਸਦੀ ਲੋਕ ਬੁਨਿਆਦੀ ਸਫ਼ਾਈ ਸਹੂਲਤਾਂ ਤੋਂ ਵਾਂਝੇ ਹਨ। ਇਹ ਰਿਪੋਰਟ ਸੰਯੁਕਤ ਰਾਸ਼ਟਰ ਦੀ 45 ਸਾਲਾਂ ਤੋਂ ਵੱਧ ਸਮੇਂ ਮਗਰੋਂ ਪਾਣੀ ਬਾਰੇ ਹੋਣ ਵਾਲੀ ਪਹਿਲੀ ਵੱਡੀ ਕਾਨਫਰੰਸ ਦੀ ਪੂਰਬ ਸੰਧਿਆ ‘ਤੇ ਜਾਰੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਵਿਸ਼ਵ ਜਲ ਵਿਕਾਸ ਰਿਪੋਰਟ-2023 ਵਿਚ ਸਾਲ 2030 ਤੱਕ ਸਾਰੇ ਲੋਕਾਂ ਦੀ ਸਾਫ਼ ਪਾਣੀ ਅਤੇ ਸਵੱਛਤਾ ਤੱਕ ਪਹੁੰਚ ਯਕੀਨੀ ਬਣਾਉਣ ਦੇ ਯੂ.ਐੱਨ. ਦੇ ਟੀਚਿਆਂ ਨੂੰ ਹਾਸਲ ਕਰਨ ਲਈ ਚੁੱਕੇ ਜਾਣ ਵਾਲੇ ਜ਼ਰੂਰੀ ਕਦਮਾਂ ਬਾਰੇ ਵੀ ਸਪੱਸ਼ਟ ਤਸਵੀਰ ਪੇਸ਼ ਕੀਤੀ ਗਈ ਹੈ।  ਰਿਪੋਰਟ ਦੇ ਐਡੀਟਰ-ਇਨ-ਚੀਫ ਰਿਚਰਡ ਕੌਨਰ ਨੇ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਦਾ ਪ੍ਰਤੀ ਸਾਲ 600 ਅਰਬ ਅਮਰੀਕੀ ਡਾਲਰ ਤੋਂ ਇਕ ਖਰਬ ਅਮਰੀਕੀ ਡਾਲਰ ਤੱਕ ਦਾ ਖ਼ਰਚਾ ਹੈ।
ਕੌਨਰ ਨੇ ਕਿਹਾ ਕਿ ਇਸ ਸਬੰਧੀ ਸਭ ਤੋਂ ਅਹਿਮ ਨਿਵੇਸ਼ਕਾਂ, ਫਾਇਨਾਂਸਰਾਂ, ਸਰਕਾਰਾਂ ਅਤੇ ਜਲਵਾਯੂ ਤਬਦੀਲੀ ਇਕਾਈਆਂ ਨਾਲ ਭਾਈਵਾਲੀ ਕਾਇਮ ਕਰਨਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੈਸਾ ਵਾਤਾਵਰਨ ਨੂੰ ਕਾਇਮ ਰੱਖਣ ਦੇ ਢੰਗ-ਤਰੀਕਿਆਂ ਵਿਚ ਲਗਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੋ ਅਰਬ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਕੋਲ ਪੀਣਯੋਗ ਸਾਫ਼ ਪਾਣੀ ਨਹੀਂ ਹੈ।

Leave a comment