#PUNJAB

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਬਦਲੇਗੀ ਕੌਮੀ ਸਿਆਸਤ ਦੀ ਤਸਵੀਰ

ਜਲੰਧਰ, 10 ਫਰਵਰੀ (ਪੰਜਾਬ ਮੇਲ)– ਦਿੱਲੀ ਵਿਧਾਨ ਸਭਾ ਚੋਣਾਂ ‘ਚ ਲਗਾਤਾਰ ਤੀਜੀ ਵਾਰ ਹਾਰਨ ਦੇ ਬਾਵਜੂਦ ਇੰਡੀਆ ਬਲਾਕ ਵਿਚ ਕਾਂਗਰਸ ਦੀ ਅਹਿਮੀਅਤ ਵਧੇਗੀ। ਇੰਡੀਆ ਬਲਾਕ ਦੇ ਮੈਂਬਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਾਂਗਰਸ ਦੇ ਵਿਰੁੱਧ ਜਾਂਦੇ ਹੋਏ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ ਅਤੇ ਆਪਣੀ ਮੁਸਲਿਮ ਸੰਸਦ ਮੈਂਬਰ ਇਕਰਾ ਹੁਸੈਨ ਨੂੰ ਵੀ ਪ੍ਰਚਾਰ ਲਈ ਭੇਜਿਆ ਸੀ। ਇਸ ਪ੍ਰਚਾਰ ਦਾ ਮਨੋਰਥ ਮੁਸਲਿਮ ਵੋਟ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿਚ ਇਕਜੁੱਟ ਕਰਨਾ ਸੀ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਨੇ ਵੀ ਦਿੱਲੀ ਚੋਣਾਂ ਵਿਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕੀਤਾ ਸੀ ਅਤੇ ਸ਼ਿਵ ਸੈਨਾ ਦਾ ਵੀ ਨੈਤਿਕ ਸਮਰਥਨ ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਨਾਲ ਸੀ ਪਰ ਇਸ ਦੇ ਬਾਵਜੂਦ ਦਿੱਲੀ ਵਿਚ ਪਾਰਟੀ ਚੋਣ ਹਾਰ ਗਈ। ਇਸ ਨਾਲ ਇੰਡੀਆ ਬਲਾਕ ਦੀਆਂ ਪਾਰਟੀਆਂ ਨੂੰ ਸਿਆਸੀ ਸੁਨੇਹਾ ਗਿਆ ਹੈ ਅਤੇ ਕਾਂਗਰਸ ਦਿੱਲੀ ਵਿਚ ਹਾਰ ਦੇ ਬਾਵਜੂਦ ਇੰਡੀਆ ਬਲਾਕ ‘ਚ ਮਜ਼ਬੂਤ ਹੋਈ ਹੈ।
ਕਾਂਗਰਸ ਨੇ ਇਨ੍ਹਾਂ ਚੋਣਾਂ ਵਿਚ ਰਣਨੀਤੀ ਬਦਲਦੇ ਹੋਏ ਐੱਸ.ਸੀ. ਵਰਗ ਦੀਆਂ ਰਾਖਵੀਆਂ 12 ਅਤੇ ਮੁਸਲਿਮ ਬਹੁਗਿਣਤੀ ਦੀਆਂ 8 ਸੀਟਾਂ ‘ਤੇ ਮਜ਼ਬੂਤੀ ਨਾਲ ਚੋਣ ਲੜੀ ਸੀ। ਕਾਂਗਰਸ ਦੀ ਰਣਨੀਤੀ ਇਨ੍ਹਾਂ ਚੋਣਾਂ ਦੌਰਾਨ ਆਪਣੇ ਰਵਾਇਤੀ ਦਲਿਤ ਤੇ ਮੁਸਲਿਮ ਵੋਟ ਬੈਂਕ ਨੂੰ ਟਾਰਗੈੱਟ ਕਰਨ ਦੀ ਸੀ ਅਤੇ ਇਸ ਦਾ ਉਸ ਨੂੰ ਵੋਟ ਸ਼ੇਅਰ ਵਿਚ ਕੁਝ ਫਾਇਦਾ ਵੀ ਹੋਇਆ। ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦਾ ਅਸਰ ਘੱਟ ਹੋਣ ਤੋਂ ਬਾਅਦ ਹੁਣ ਕਾਂਗਰਸ ਕੋਲ ਆਪਣਾ ਰਵਾਇਤੀ ਵੋਟ ਬੈਂਕ ਵਾਪਸ ਲਿਆਉਣ ਲਈ 5 ਸਾਲ ਦਾ ਸਮਾਂ ਹੈ। ਇਸ ਦੌਰਾਨ ਉਹ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਆਪਣਾ ਪੁਰਾਣਾ ਵੋਟ ਬੈਂਕ ਵਾਪਸ ਲਿਆਉਣ ਲਈ ਕੰਮ ਕਰ ਸਕਦੀ ਹੈ। ਇਨ੍ਹਾਂ ਚੋਣਾਂ ਰਾਹੀਂ ਕਾਂਗਰਸ ਨੇ ਇੰਡੀਆ ਬਲਾਕ ਦੇ ਆਪਣੇ ਸਹਿਯੋਗੀਆਂ ‘ਚ ਇਹ ਸਿਆਸੀ ਸੁਨੇਹਾ ਦੇ ਦਿੱਤਾ ਹੈ ਕਿ ਉਸ ਨੂੰ ਕਿਸੇ ਵੀ ਸੂਬੇ ਵਿਚ ਘੱਟ ਨਹੀਂ ਸਮਝਿਆ ਜਾ ਸਕਦਾ।
ਇੰਡੀਆ ਬਲਾਕ ਦੀਆਂ ਪਾਰਟੀਆਂ ਨੂੰ ਹੁਣ ਤੱਕ ਇਹੀ ਲੱਗਦਾ ਰਿਹਾ ਹੈ ਕਿ ਉਹ ਕਿਸੇ ਵੀ ਸੂਬੇ ਵਿਚ ਕਾਂਗਰਸ ਖਿਲਾਫ ਚੋਣ ਲੜ ਕੇ ਉਸ ਨੂੰ ਹਰਾ ਸਕਦੀਆਂ ਹਨ ਪਰ ਕਾਂਗਰਸ ਇਹੀ ਕੰਮ ਆਪਣੇ ਸਹਿਯੋਗੀਆਂ ਨਾਲ ਇਸ ਲਈ ਨਹੀਂ ਕਰ ਸਕਦੀ ਕਿਉਂਕਿ ਉਸ ਨੂੰ ਮੁਸਲਿਮ ਵੋਟਰਾਂ ‘ਚ ਆਪਣੀ ਸਾਖ ਖਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ ਪਰ ਇਸ ਵਾਰ ਕਾਂਗਰਸ ਨੇ ਇਹ ਜ਼ੋਖਮ ਲਿਆ ਅਤੇ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਵਿਚ ਸੰਨ੍ਹ ਲਾ ਦਿੱਤੀ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 43 ਫ਼ੀਸਦੀ ਤੱਕ ਡਿੱਗ ਗਿਆ ਹੈ, ਜਦੋਂਕਿ ਕਾਂਗਰਸ ਅਤੇ ਭਾਜਪਾ ਦੋਵਾਂ ਦਾ ਵੋਟ ਸ਼ੇਅਰ ਵਧਿਆ ਹੈ। ਹੁਣ ਇੰਡੀਆ ਬਲਾਕ ‘ਚ ਕਾਂਗਰਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਆਪਣੀ ਧਾਰਨਾ ਵਿਚ ਤਬਦੀਲੀ ਲਿਆਉਣੀ ਪਵੇਗੀ।
ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਿਆਸੀ ਸਲਾਹਕਾਰ ਕਾਂਗਰਸ ਨੂੰ ਪੂਰੀ ਤਰ੍ਹਾਂ ਪੱਛੜੇ, ਅਨੁਸੂਚਿਤ ਜਾਤੀ ਅਤੇ ਮੁਸਲਿਮ ਵੋਟ ਦੀ ਪਾਰਟੀ ਬਣਾਉਣ ਦੀ ਵਚਨਬੱਧਤਾ ‘ਤੇ ਕੰਮ ਕਰ ਰਹੇ ਹਨ। ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਦੇ ਸਬੰਧ ਸਹਿਯੋਗੀ ਪਾਰਟੀਆਂ ਨਾਲ ਵਿਗੜਦੇ ਜਾ ਰਹੇ ਹਨ। ਅਸਲ ‘ਚ ਜ਼ਿਆਦਾਤਰ ਸੂਬਾਈ ਪਾਰਟੀਆਂ ਨੇ ਕਾਂਗਰਸ ਦਾ ਪੱਛੜਿਆ, ਅਨੁਸੂਚਿਤ ਜਾਤੀ ਅਤੇ ਮੁਸਲਿਮ ਵੋਟ ਤੋੜ ਕੇ ਹੀ ਖ਼ੁਦ ਨੂੰ ਮਜ਼ਬੂਤ ਬਣਾਇਆ ਹੈ। ਤਾਂ ਹੀ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਜੇ ਇਹ ਵੋਟ ਕਾਂਗਰਸ ਵੱਲ ਵਾਪਸ ਜਾਂਦਾ ਹੈ ਤਾਂ ਉਨ੍ਹਾਂ ਨੂੰ ਨੁਕਸਾਨ ਹੋਵੇਗਾ। ਬਿਹਾਰ ਵਿਚ ਰਾਸ਼ਟਰੀ ਜਨਤਾ ਦਲ ਅਤੇ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਤੋਂ ਲੈ ਕੇ ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਅਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਤੱਕ ਸਾਰਿਆਂ ਦੀ ਇਕੋ ਚਿੰਤਾ ਹੈ। ਇਹੀ ਕਾਰਨ ਹੈ ਕਿ ਸਪਾ ਅਤੇ ਤ੍ਰਿਣਮੂਲ ਨੇ ਦਿੱਲੀ ਵਿਚ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ। ਹਾਲਾਂਕਿ ਰਾਜਦ ਨੇ ਖ਼ੁਦ ਨੂੰ ਇਸ ਤੋਂ ਦੂਰ ਰੱਖਿਆ ਕਿਉਂਕਿ ਬਿਹਾਰ ਵਿਚ ਇਸੇ ਸਾਲ ਚੋਣਾਂ ਹੋਣੀਆਂ ਹਨ ਅਤੇ ਰਾਜਦ ਨੂੰ ਉੱਥੇ ਕਾਂਗਰਸ ਦੀ ਲੋੜ ਹੈ।