#PUNJAB

ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ: ਫੂਲਕਾ

ਸੂਬਾ ਸਰਕਾਰ ਤੋਂ ਪੰਜਾਬ ਦੇ ਪਰਾਲੀ ਪ੍ਰਦੂਸ਼ਣ ਬਾਰੇ ਵਿਗਿਆਨਕ ਪੜਤਾਲ ਕਰਵਾਉਣ ਦੀ ਮੰਗ
ਚੰਡੀਗੜ੍ਹ, 4 ਜੁਲਾਈ (ਪੰਜਾਬ ਮੇਲ)-ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ 10 ਸਾਲਾਂ ਤੋਂ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਠੀਕਰਾ ਪੰਜਾਬ ਦੇ ਕਿਸਾਨਾਂ ਸਿਰ ਭੰਨਿਆ ਜਾ ਰਿਹਾ ਹੈ, ਜਦੋਂਕਿ ਇਸ ਲਈ ਪੰਜਾਬ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਤਾਂ ਐੱਨ.ਜੀ.ਟੀ. ਦੇ ਜੱਜ ਸੁਧੀਰ ਅਗਰਵਾਲ ਨੇ ਬੀਤੇ ਦਿਨ ਵੀ ਦਿੱਲੀ ਵਿਚ ਇਕ ਸਮਾਗਮ ਦੌਰਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਜੱਜ ਅਨੁਸਾਰ ਪੰਜਾਬ ਦੀ ਹਵਾ ਦੀ ਦਿਸ਼ਾ ਦਿੱਲੀ ਵੱਲ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਪੰਜਾਬ ਵਿਚ ਪਰਾਲੀ ਸਾੜਨ ਕਰਕੇ ਧੂੰਆਂ ਦਿੱਲੀ ਵਿਚ ਪਹੁੰਚ ਹੀ ਨਹੀਂ ਸਕਦਾ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਸ਼੍ਰੀ ਫੂਲਕਾ ਨੇ ਕਿਹਾ ਕਿ ਅੱਜ ਤੱਕ ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਹੀ ਦਿੱਲੀ ‘ਚ ਪ੍ਰਦੂਸ਼ਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਪਰ ਇਸ ਬਾਰੇ ਵਿਗਿਆਨਿਕ ਖੋਜ ਕਿਸੇ ਵੱਲੋਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਦਿੱਲੀ ਵਿਚਕਾਰ 250 ਤੋਂ 300 ਕਿਲੋਮੀਟਰ ਦਾ ਫਰਕ ਹੈ। ਇਸ ਲਈ ਪੰਜਾਬ ਦਾ ਧੂੰਆਂ ਕਦੇ ਵੀ ਦਿੱਲੀ ਤੱਕ ਪਹੁੰਚ ਹੀ ਨਹੀਂ ਸਕਦਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਪਰਾਲੀ ਪ੍ਰਦੂਸ਼ਣ ਬਾਰੇ ਵਿਗਿਆਨਿਕ ਢੰਗ ਨਾਲ ਪੜਚੋਲ ਕਰਵਾਉਣੀ ਚਾਹੀਦੀ ਹੈ, ਤਾਂ ਜੋ ਪੰਜਾਬ ਨੂੰ ਦਿੱਲੀ ਦੇ ਪ੍ਰਦੂਸ਼ਣ ਸਬੰਧੀ ਲੱਗਣ ਵਾਲੇ ਸਾਰੇ ਦੋਸ਼ਾਂ ਤੋਂ ਮੁਕਤ ਕੀਤਾ ਜਾ ਸਕੇ।
ਸਾਬਕਾ ਵਿਧਾਇਕ ਫੂਲਕਾ ਨੇ ਕਿਹਾ ਕਿ ਐੱਸ.ਐੱਸ. ਜੌਹਲ ਕਮੇਟੀ ਦੀ ਰਿਪੋਰਟ ਅਨੁਸਾਰ ਸਾਲ 1986 ਦੌਰਾਨ ਪੰਜਾਬ ‘ਚ ਝੋਨੇ ਹੇਠ 27 ਲੱਖ ਏਕੜ ਰਕਬਾ ਆਉਂਦਾ ਸੀ ਪਰ ਅੱਜ ਉਹ ਵਧ ਕੇ 77 ਲੱਖ ਏਕੜ ‘ਤੇ ਪਹੁੰਚ ਗਿਆ ਹੈ। ਇਸੇ ਕਰਕੇ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਨਾਲ ਪਾਣੀ ਦੀ 90 ਫ਼ੀਸਦੀ ਤੱਕ ਬਚਤ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 8 ਹਜ਼ਾਰ ਰੁਪਏ ਏਕੜ ਦਿੱਤਾ ਜਾਵੇ। ਇਸ ਮੌਕੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਫਗਵਾੜਾ, ਕਿਰਪਾਲ ਸਿੰਘ ਫਗਵਾੜਾ ਅਤੇ ਚਮਨ ਲਾਲ ਵਸ਼ਿਸ਼ਟ ਮੌਜੂਦ ਸਨ।