-ਕਿਹਾ : ਜਦੋਂ ਹਵਾ ਦਾ ਰੁਖ਼ ਦਿੱਲੀ ਵੱਲ ਨਹੀਂ ਤਾਂ ਉਥੇ ਪਰਾਲੀ ਦਾ ਧੂੰਆਂ ਕਿਵੇਂ ਚਲਾ ਗਿਆ
ਮਾਨਸਾ, 8 ਨਵੰਬਰ (ਪੰਜਾਬ ਮੇਲ)- ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਬੇਲੋੜਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਨਾਲ ਜੁੜੀਆਂ ਹਰਿਆਣਾ ਅਤੇ ਉਤਰ ਪ੍ਰਦੇਸ਼ ਸੂਬੇ ਦੀਆਂ ਸਰਕਾਰਾਂ ਬਿਲਕੁਲ ਦਿੱਲੀ ਦੇ ਨਾਲ ਹਨ, ਉਨ੍ਹਾਂ ਨੂੰ ਬਿਲਕੁਲ ਵੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਹੀ ਅਜਿਹੀ ਦੁਸ਼ਮਣੀ ਕੱਢੀ ਜਾ ਰਹੀ ਹੈ। ਕਿਸਾਨ ਆਗੂ ਨੇ ਦੱਸਿਆ ਕਿ ਦਿੱਲੀ ਦੀ ਪਿਛਲੇ ਬਾਰਾਂ ਮਹੀਨਿਆਂ ਦੀ ਗੁਣਵੱਤਾ ਵੀ ਦਰਸਾਉਂਦੀ ਹੈ ਕਿ ਪ੍ਰਦੂਸ਼ਣ ਉਥੇ ਸਾਰਾ ਸਾਲ ਹੀ ਫੈਕਟਰੀਆਂ ਅਤੇ ਵਹੀਕਲਾਂ ਦੇ ਧੂੰਏਂ ਕਾਰਨ ਅਜਿਹਾ ਹੀ ਬਣਿਆ ਰਹਿੰਦਾ ਹੈ। ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਅਤੇ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਹਵਾ ਦਾ ਰੁਖ ਪੰਜਾਬ ਤੋਂ ਦਿੱਲੀ ਵਾਲੇ ਪਾਸੇ ਜਦੋਂ ਹੋਇਆ ਹੀ ਨਹੀਂ, ਫਿਰ ਧੂੰਆਂ ਦਿੱਲੀ ਚਲਾ ਕਿਵੇਂ ਗਿਆ ਹੈ। ਉਨ੍ਹਾਂ ਕਿਹਾ ਕਿ ਹਵਾ ਉਲਟ ਦਿਸ਼ਾ ਵੱਲ ਚੱਲ ਰਹੀ ਹੈ। ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀਆਂ ਰਿਪੋਰਟਾਂ ਵੀ ਦੱਸਦੀਆਂ ਹਨ ਕਿ ਇਸ ਵਾਰ 50 ਫੀਸਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ ਸਾਲ ਨਾਲੋਂ ਇਸ ਵਾਰ ਘੱਟ ਹਨ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਫੈਕਟਰੀਆਂ ਨੇ ਹੀ ਦਿੱਲੀ ਵਿਚ ਪ੍ਰਦੂਸ਼ਣ ਵਧਾਇਆ ਹੋਇਆ ਹੈ, ਜਦੋਂਕਿ ਉਨ੍ਹਾਂ ਨੂੰ ਨੱਥ ਪਾਉਣ ਦੀ ਥਾਂ ਪੰਜਾਬ ਦੇ ਕਿਸਾਨ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾਣ ਲੱਗਿਆ ਹੈ।