#INDIA

ਦਿੱਲੀ ਤੋਂ ਲੰਡਨ ਜਾ ਰਹੀ ਫ਼ਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ!

-ਫਲਾਈਟ ਕੀਤੀ ਗਈ ਡਾਈਵਰਟ
ਨਵੀਂ ਦਿੱਲੀ, 19 ਅਕਤੂਬਰ (ਪੰਜਾਬ ਮੇਲ)- ਪਿਛਲੇ ਕੁਝ ਦਿਨਾਂ ਤੋਂ ਫ਼ਲਾਈਟਸ ਨੂੰ ਬੰਬ ਨਾਲ ਉਡਾਣ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਨਾਲ ਯਾਤਰੀਆਂ ਵਿਚ ਵੀ ਡਰ ਦਾ ਮਾਹੌਲ ਹੈ। ਹੁਣ ਦਿੱਲੀ ਤੋਂ ਲੰਡਨ ਜਾ ਰਹੀ ਇਕ ਵਿਸਤਾਰਾ ਫ਼ਲਾਈਟ ਨੂੰ ਸ਼ਨੀਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਕਾਰਨ ਇਸ ਫ਼ਲਾਈਟ ਨੂੰ ਫ੍ਰੈਂਕਫਰਟ ਵੱਲ ਮੋੜਣਾ ਪਿਆ। ਅਧਿਕਾਰੀਆਂ ਮੁਤਾਬਕ ਸੁਰੱਖਿਆ ਜਾਂਚ ਮਗਰੋਂ ਕੋਈ ਖ਼ਤਰਾ ਨਹੀਂ ਪਾਇਆ ਗਿਆ ਤੇ ਫ਼ਲਾਈਟ ਨੇ ਲੰਡਨ ਲਈ ਆਪਣੀ ਯਾਤਰਾ ਦੁਬਾਰਾ ਸ਼ੁਰੂ ਕੀਤੀ।
ਇਹ ਘਟਨਾ ਹਾਲ ਦੇ ਦਿਨਾਂ ਵਿਚ ਮਿਲੀਆਂ ਕਈ ਝੂਠੀਆਂ ਧਮਕੀਆਂ ਦਾ ਹਿੱਸਾ ਹੈ, ਜਿਸ ਵਿਚ ਇਕ ਹਫ਼ਤੇ ਵਿਚ 15 ਫ਼ਲਾਈਟਸ ਨੂੰ ਅਜਿਹੀਆਂ ਹੀ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਚੋਂ ਕਈਆਂ ਨੇ ਉਡਾਣ ਤੋਂ ਪਹਿਲਾਂ ਜਾਂਚ ਕੀਤੀ, ਜਦਕਿ ਕੁਝ ਨੂੰ ਮੋੜਣਾ ਪਿਆ।
ਫ਼ਲਾਈਟ ਨੇ ਭਾਰਤੀ ਸਮੇਂ ਮੁਤਾਬਕ ਰਾਤ 12.40 ਵਜੇ ਫ੍ਰੈਂਕਫਰਟ ਏਅਰਪੋਰਟ ‘ਤੇ ਲੈਂਡ ਕੀਤਾ ਤੇ ਤਕਰੀਬਨ 2 ਘੰਟੇ ਬਾਅਦ ਲੰਡਨ ਲਈ ਰਵਾਨਾ ਹੋਈ। ਵਿਸਤਾਰਾ ਦੇ ਬੁਲਾਰੇ ਨੇ ਦੱਸਿਆ ਕਿ 18 ਅਕਤੂਬਰ 2024 ਨੂੰ ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਫ਼ਲਾਈਟ ਯੂਕੇ17 ਨੂੰ ਸੋਸ਼ਲ ਮੀਡੀਆ ‘ਤੇ ਸੁਰੱਖਿਆ ਖ਼ਤਰਾ ਮਿਲਿਆ। ਨਿਯਮਾਂ ਮੁਤਾਬਕ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਨਾ ਦਿੱਤੀ ਗਈ ਤੇ ਸੁਰੱਖਿਆ ਦੇ ਮੱਦੇਨਜ਼ਰ, ਪਾਇਲਟਾਂ ਨੇ ਫ਼ਲਾਈਟ ਨੂੰ ਫ੍ਰੈਂਕਫਰਟ ਵੱਲ ਮੋੜਣ ਦਾ ਫ਼ੈਸਲਾ ਲਿਆ।
ਇੱਥੇ ਦੱਸ ਦਈਏ ਕਿ ਹਾਲ ਹੀ ਵਿਚ ਭਾਰਤੀ ਏਅਰਲਾਈਨਜ਼ ਦੀਆਂ ਤਕਰੀਬਨ 14 ਫ਼ਲਾਈਟਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਇਹ ਸਾਰੀਆਂ ਧਮਕੀਆਂ ਝੂਠੀਆਂ ਨਿਕਲੀਆਂ। ਮੰਤਰਾਲੇ ਵੱਲੋਂ ਝੂਠੀਆਂ ਧਮਕੀਆਂ ਨੂੰ ਰੋਕਣ ਲਈ ਸਖ਼ਤ ਨਿਯਮ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਵਿਚ ਅਪਰਾਧੀਆਂ ਨੂੰ ਨੋ-ਫ਼ਲਾਈ ਲਿਸਟ ਵਿਚ ਪਾਉਣਾ ਸੰਭਵ ਹੈ।