#INDIA

ਦਿੱਲੀ ਤੇ ਮੁੰਬਈ ਸਥਿਤ ਬੀ.ਬੀ.ਸੀ. ਦਫ਼ਤਰਾਂ ‘ਤੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇ

-ਅਸੀਂ ਸਹਿਯੋਗ ਕਰ ਰਹੇ ਹਾਂ: ਬੀਬੀਸੀ
ਭਾਜਪਾ ਨੇ ਬੀ.ਬੀ.ਸੀ. ਨੂੰ ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ ਕਰਾਰ ਦਿੱਤਾ
ਨਵੀਂ ਦਿੱਲੀ, 14 ਫਰਵਰੀ (ਪੰਜਾਬ ਮੇਲ)- ਆਮਦਨ ਕਰ ਵਿਭਾਗ ਦੀਆਂ ਕਈ ਟੀਮਾਂ ਨੇ ਅੱਜ ਦਿੱਲੀ ਤੇ ਮੁੰਬਈ ਵਿਚਲੇ ਬੀ.ਬੀ.ਸੀ. ਦੇ ਦਫ਼ਤਰਾਂ ਵਿਚ ਛਾਪੇ ਮਾਰੇ। ਵਰਨਣਯੋਗ ਹੈ ਕਿ ਬੀਤੇ ਦਿਨੀਂ ਬੀ.ਬੀ.ਸੀ. ਨੇ ਗੋਦਰਾ ਕਾਂਡ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਡਾਕੂਮੈਂਟਰੀ ਜਾਰੀ ਕੀਤੀ ਸੀ ਤੇ ਇਸ ਖ਼ਿਲਾਫ਼ ਸਰਕਾਰ ਨੇ ਕਾਫ਼ੀ ਨਾਰਾਜ਼ਗੀ ਪ੍ਰਗਟਾਈ ਸੀ।
ਉਧਰ ਬੀ.ਬੀ.ਸੀ. ਨੇ ਕਿਹਾ ਕਿ ਉਹ ‘ਪੂਰਾ ਸਹਿਯੋਗ’ ਕਰ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਜਲਦੀ ਹੀ ਠੀਕ ਹੋ ਜਾਵੇਗਾ।
ਇਸ ਦੌਰਾਨ ਭਾਜਪਾ ਨੇ ਬੀ.ਬੀ.ਸੀ. ਨੂੰ ਦੁਨੀਆਂ ਦੀ ਸਭ ਤੋਂ ‘ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ’ ਕਰਾਰ ਦਿੱਤਾ ਅਤੇ ਕਿਹਾ ਕਿ ਮੀਡੀਆ ਸਮੂਹ ਦੇ ਖਿਲਾਫ ਆਮਦਨ ਕਰ ਵਿਭਾਗ ਦਾ ਛਾਪਾ ਨਿਯਮਾਂ ਅਤੇ ਸੰਵਿਧਾਨ ਅਧੀਨ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਇਸ ਕਾਰਵਾਈ ਨੂੰ ਲੈ ਕੇ ਸਰਕਾਰ ‘ਤੇ ਹਮਲਾ ਕਰਨ ਲਈ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੀ ਵੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਬੀ.ਬੀ.ਸੀ. ‘ਤੇ ਪਾਬੰਦੀ ਲਗਾਈ ਸੀ।
ਵਿਰਧੀ ਧਿਰ ਕਾਂਗਰਸ ਨੇ ਕਿਹਾ ਹੈ ਕਿ ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਆਪਣੀ ਨਿੰਦਾ ਤੋਂ ਪ੍ਰੇਸ਼ਾਨ ਹੋ ਜਾਂਦੀ ਹੈ ਤੇ ਡਰ ਕੇ ਹੋਛੀਆਂ ਹਰਕਤਾਂ ਕਰਦੀ ਹੈ।
ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਆਪਣੀ ਤਾਨਾਸ਼ਾਹੀ ਦੇ ਸਿਖ਼ਰ ‘ਤੇ ਪੁੱਜ ਗਈ ਹੈ।

Leave a comment