ਨਵੀਂ ਦਿੱਲੀ, 21 ਮਈ (ਪੰਜਾਬ ਮੇਲ)-ਆਮ ਆਦਮੀ ਪਾਰਟੀ ਨੂੰ ਦਿੱਲੀ ਵਿਚ ਉਦੋਂ ਵੱਡਾ ਝਟਕਾ ਲੱਗਿਆ, ਜਦੋਂ ਕੌਂਸਲਰ ਮੁਕੇਸ਼ ਗੋਇਲ ਦੀ ਅਗਵਾਈ ‘ਚ 15 ਕੌਂਸਲਰਾਂ ਨੇ ਅਸਤੀਫ਼ਾ ਦੇ ਦਿੱਤਾ ਅਤੇ ਇੰਦਰਪ੍ਰਸਥ ਵਿਕਾਸ ਪਾਰਟੀ ਬਣਾਈ। ਰਾਜਧਾਨੀ ਵਿਚ ‘ਆਮ ਆਦਮੀ ਪਾਰਟੀ’ (ਆਪ) ਨੂੰ ਇਕ ਵੱਡਾ ਝਟਕਾ ਦਿੰਦੇ ਹੋਏ 15 ਨਗਰ ਕੌਂਸਲਰਾਂ ਨੇ ਪਾਰਟੀ ਛੱਡ ਦਿੱਤੀ ਹੈ ਅਤੇ ਇਕ ਨਵੀਂ ਸਿਆਸੀ ਜਥੇਬੰਦੀ ਬਣਾਉਣ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਸੀਨੀਅਰ ਨੇਤਾ ਮੁਕੇਸ਼ ਗੋਇਲ ਦੀ ਅਗਵਾਈ ਵਾਲੇ ਧੜੇ ਨੇ ਇੰਦਰਪ੍ਰਸਥ ਵਿਕਾਸ ਪਾਰਟੀ ਬਣਾ ਲਈ ਹੈ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਗੋਇਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਵੀਂ ਪਾਰਟੀ ਦਿੱਲੀ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੇਗੀ। ਗੋਇਲ ਨੇ ਇਸ ਸਾਲ ਦੇ ਸ਼ੁਰੂ ‘ਚ ਆਦਰਸ਼ ਨਗਰ ਤੋਂ ‘ਆਪ’ ਦੀ ਟਿਕਟ ‘ਤੇ ਦਿੱਲੀ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਹਾਰ ਗਏ ਸਨ। ਉਹ ਦਿੱਲੀ ਨਗਰ ਨਿਗਮ ਵਿਚ ਸਦਨ ਦੇ ਸਾਬਕਾ ਆਗੂ ਹਨ। ਉਨ੍ਹਾਂ ਕਿਹਾ ਕਿ ਕਿ ਇਹ ਧੜਾ ਇਥੇ ਸੱਤਾ ਲਈ ਲੜਨ ਲਈ ਨਹੀਂ ਆਇਆ, ਸਗੋਂ ਲੋਕਾਂ ਦੀ ਸੇਵਾ ਕਰਨ ਲਈ ਆਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਲੀਡਰਸ਼ਿਪ ਜ਼ਮੀਨੀ ਹਕੀਕਤ ਤੋਂ ਟੁੱਟ ਚੁੱਕੀ ਹੈ, ਜਿਸ ਕਰਕੇ ਦਿੱਲੀ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਨਵੀਂ ਪਾਰਟੀ ਬਣਾਈ ਗਈ ਹੈ। ਬਗਾਵਤ ਕਰਨ ਵਾਲੇ ਕੌਂਸਲਰਾਂ ਦਾ ਵੀ ਵਿਚਾਰ ਹੈ ਕਿ ਪਾਰਟੀ ਆਪਣੇ ਸਿਧਾਂਤਾਂ ਤੋਂ ਬਹੁਤ ਛੇਤੀ ਹੀ ਥਿੜਕ ਗਈ ਹੈ ਅਤੇ ਇਸ ਵਿਚ ਦੂਜੀਆਂ ਪਾਰਟੀਆਂ ਵਾਲੀਆਂ ਅਲਾਮਤਾਂ ਆ ਚੁੱਕੀਆਂ ਹਨ। ਸੀਨੀਅਰ ਆਗੂਆਂ ਦੀ ਝੂਠ ਬੋਲਣ ਦੀ ਆਦਤ ਨੇ ਪਾਰਟੀ ਦੇ ਆਧਾਰ ਨੂੰ ਖੋਰਾ ਲਾਇਆ ਹੈ।
ਦਿੱਲੀ ਦੀ ਰਾਜਨੀਤੀ ‘ਚ ਇਸ ਸਿਆਸੀ ਫੁੱਟ ਨੂੰ ਆਮ ਆਦਮੀ ਪਾਰਟੀ ਅੰਦਰ ਗੰਭੀਰ ਸੰਕਟ ਨੂੰ ਹੋਰ ਡੂੰਘਾ ਕਰਨ ਵਾਲਾ ਮੰਨਿਆ ਜਾ ਰਿਹਾ ਹੈ ਕਿਉਂਕਿ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਭਾਜਪਾ ਵਿਚ ਦਲ-ਬਦਲੀ ਕੀਤੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਭਾਜਪਾ ਦਿੱਲੀ ਨਗਰ ਨਿਗਮ ਉੱਪਰ ਕਾਬਜ਼ ਹੋ ਚੁੱਕੀ ਹੈ।
‘ਆਪ’ ਵਿਚ ਚੱਲ ਰਹੇ ਅੰਦਰੂਨੀ ਮਤਭੇਦਾਂ ਅਤੇ ਫੁੱਟ ‘ਤੇ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਬੁਲਾਰੇ ਡਾ. ਨਰੇਸ਼ ਕੁਮਾਰ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਪਾਰਟੀ ਵਿਚ ਲੀਡਰਸ਼ਿਪ ਅਤੇ ਵਿਚਾਰਧਾਰਕ ਆਧਾਰ ਦੀ ਘਾਟ ਦਾ ਸਪੱਸ਼ਟ ਸਬੂਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਿਸੇ ਸਪੱਸ਼ਟ ਵਿਚਾਰਧਾਰਾ ਜਾਂ ਲੋਕ ਸੇਵਾ ਲਹਿਰ ਦੇ ਸੰਕਲਪ ਦੇ ਆਧਾਰ ‘ਤੇ ਨਹੀਂ ਕੀਤੀ ਗਈ ਸੀ, ਸਗੋਂ ਮੌਕਾਪ੍ਰਸਤੀ ਦੇ ਆਧਾਰ ‘ਤੇ ਕੀਤੀ ਗਈ ਸੀ। ਹੁਣ ਜਦੋਂ ਇਹ ਮੌਕਾਪ੍ਰਸਤੀ ਖਤਮ ਹੋ ਗਈ ਹੈ, ਆਮ ਆਦਮੀ ਪਾਰਟੀ ਵੀ ਆਪਣੇ ਪਤਨ ਵੱਲ ਵਧ ਰਹੀ ਹੈ। ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚੁੱਪੀ ਅਤੇ ਸਰਗਰਮ ਰਾਜਨੀਤੀ ਤੋਂ ਦੂਰੀ ‘ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਉਨ੍ਹਾਂ ਦੀ ਗੈਰ-ਹਾਜ਼ਰੀ ਨੇ ਪਾਰਟੀ ਵਰਕਰਾਂ ਨੂੰ ਉਲਝਣ ਅਤੇ ਨਿਰਾਸ਼ਾ ਵਿਚ ਪਾ ਦਿੱਤਾ ਹੈ।
ਕੌਂਸਲਰਾਂ ਦੀ ਬਗਾਵਤ ਮਗਰੋਂ ਆਮ ਆਦਮੀ ਪਾਰਟੀ ਨੇ ਇਸ ਪਿੱਛੇ ਭਾਜਪਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ। ਪਾਰਟੀ ਅਨੁਸਾਰ ਮੇਅਰ ਚੋਣ ਦੇ ਸਮੇਂ ਤੋਂ ਹੀ ਭਾਜਪਾ ‘ਆਪ’ ਦੇ ਕੌਂਸਲਰਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਹਰੇਕ ਕੌਂਸਲਰ ਨੂੰ 5 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਭਾਜਪਾ ਕੋਲ ਸਟੈਂਡਿੰਗ ਕਮੇਟੀ ਜਾਂ ਵਾਰਡ ਕਮੇਟੀਆਂ ਬਣਾਉਣ ਲਈ ਬਹੁਮਤ ਨਹੀਂ ਹੈ, ਇਸ ਲਈ ਉਹ ਲੋਕਾਂ ਨੂੰ ਖਰੀਦਣ ਦਾ ਸਹਾਰਾ ਲੈ ਰਹੀ ਹੈ। ਮੇਅਰ ਚੋਣ ਦੌਰਾਨ ਹੀ ਭਾਜਪਾ ਦੀ ਕੌਂਸਲਰ ਨੇ ਖਰੀਦੋ-ਫਰੋਖਤ ਦਾ ਪਰਦਾਫਾਸ਼ ਕੀਤਾ ਸੀ, ਉਹ ਹੁਣ ਇਹ ਦਿਖਾਵਾ ਕਰਕੇ ਡਰਾਮਾ ਕਰ ਰਹੇ ਹਨ ਕਿ ਇਹ ਦਲ-ਬਦਲੀ ਕਿਸੇ ਹੋਰ ਪਾਰਟੀ ਤੋਂ ਹੈ ਪਰ ਇਹ ਸ਼ੁਰੂ ਤੋਂ ਅੰਤ ਤੱਕ ਭਾਜਪਾ ਦਾ ਕੰਮ ਹੈ। ਆਉਣ ਵਾਲੇ ਦਿਨਾਂ ਵਿਚ ਸੱਚਾਈ ਸਾਹਮਣੇ ਆ ਜਾਵੇਗੀ।
ਦਿੱਲੀ ‘ਚ ‘ਆਪ’ ਨੂੰ ਝਟਕਾ: 15 ਕੌਂਸਲਰਾਂ ਵੱਲੋਂ ਪਾਰਟੀ ਛੱਡ ਨਵੀਂ ਜਥੇਬੰਦੀ ਬਣਾਉਣ ਦਾ ਐਲਾਨ
