ਨਵੀਂ ਦਿੱਲੀ, 12 ਸਤੰਬਰ (ਪੰਜਾਬ ਮੇਲ)-ਦਿੱਲੀ ਆਬਕਾਰੀ ਕੇਸ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਰਾਊਜ਼ ਐਵੇਨਿਊ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜੁਡੀਸ਼ਲ ਰਿਮਾਂਡ 25 ਸਤੰਬਰ ਤੱਕ ਵਧਾ ਦਿੱਤਾ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਵੱਲੋਂ ਇਕ ਲੱਖ ਰੁਪਏ ਦਾ ਜ਼ਮਾਨਤੀ ਬਾਂਡ ਭਰੇ ਜਾਣ ‘ਤੇ ਉਸ ਨੂੰ ਜ਼ਮਾਨਤ ਦੇ ਦਿੱਤੀ। ਸੀ.ਬੀ.ਆਈ. ਵੱਲੋਂ ਪੇਸ਼ ਹੋਏ ਵਿਸ਼ੇਸ਼ ਸਰਕਾਰੀ ਵਕੀਲ ਡੀ.ਪੀ. ਸਿੰਘ ਨੇ ਕਿਹਾ ਕਿ ਇਹ ਚੌਥੀ ਅਤੇ ਅੰਤਿਮ ਚਾਰਜਸ਼ੀਟ ਹੈ ਤੇ ਅੱਗੇ ਹੋਰ ਜਾਂਚ ਦੀ ਲੋੜ ਨਹੀਂ ਹੈ।
ਦੁਰਗੇਸ਼ ਪਾਠਕ ਅਤੇ ਹੋਰ ਮੁਲਜ਼ਮ ਅਦਾਲਤ ‘ਚ ਪੇਸ਼ ਹੋਏ, ਜਦਕਿ ਕੇਜਰੀਵਾਲ ਨੇ ਤਿਹਾੜ ਜੇਲ੍ਹ ‘ਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ। ਸੀ.ਬੀ.ਆਈ. ਵੱਲੋਂ ਦਾਖ਼ਲ ਸਪਲੀਮੈਂਟਰੀ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਰਾਊਜ਼ ਐਵੇਨਿਊ ਅਦਾਲਤ ਨੇ ਮੁਲਜ਼ਮਾਂ ਨੂੰ ਸੰਮਨ ਜਾਰੀ ਕੀਤੇ ਸਨ। ਸੁਣਵਾਈ ਦੌਰਾਨ ਸੀ.ਬੀ.ਆਈ. ਨੇ ਕਿਹਾ ਕਿ ਉਹ ਮੁਲਜ਼ਮਾਂ ਦੇ ਵਕੀਲਾਂ ਨੂੰ ਸਪਲੀਮੈਂਟਰੀ ਚਾਰਜਸ਼ੀਟ ਦੀਆਂ ਕਾਪੀਆਂ ਮੁਹੱਈਆ ਕਰਵਾਏਗੀ। ਸੀ.ਬੀ.ਆਈ. ਨੇ ਅਰਵਿੰਦ ਕੇਜਰੀਵਾਲ, ਦੁਰਗੇਸ਼ ਪਾਠਕ, ਅਮਿਤ ਅਰੋੜਾ, ਸ਼ਰਤ ਚੰਦਰ ਰੈੱਡੀ, ਆਸ਼ੀਸ਼ ਮਾਥੁਰ ਅਤੇ ਵਿਨੋਦ ਚੌਹਾਨ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਕੇਜਰੀਵਾਲ ਅਤੇ ਦੁਰਗੇਸ਼ ਪਾਠਕ ਖ਼ਿਲਾਫ਼ ਕੇਸ ਚਲਾਉਣ ਦੀ ਪ੍ਰਵਾਨਗੀ ਮੰਗੀ ਸੀ। ਸੀ.ਬੀ.ਆਈ. ਨੇ ਦੋਸ਼ ਲਾਏ ਹਨ ਕਿ ਦੱਖਣ ਦੇ ਗਰੁੱਪ ਤੋਂ ਲਏ ਗਏ ਪੈਸਿਆਂ ਦੀ ਵਰਤੋਂ ‘ਆਪ’ ਨੇ ਗੋਆ ਚੋਣ ਪ੍ਰਚਾਰ ਦੌਰਾਨ ਕੀਤੀ ਸੀ। ਚਾਰਜਸ਼ੀਟ ਮੁਤਾਬਕ ਕੇਜਰੀਵਾਲ ਨੇ ਗੋਆ ਦੀਆਂ 40 ਸੀਟਾਂ ‘ਤੇ ਉਤਰੇ ‘ਆਪ’ ਦੇ ਉਮੀਦਵਾਰਾਂ ਨੂੰ 90-90 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ।