ਅਮਰੀਕਾ ਨੇ ਕੀਤਾ ਸੀ ਡਿਪੋਰਟ; 29 ਨਵੰਬਰ ਨੂੰ ਪਟਿਆਲਾ ਹਾਊਸ ਅਦਾਲਤ ‘ਚ ਦੁਬਾਰਾ ਕੀਤਾ ਜਾਵੇਗਾ ਪੇਸ਼
ਨਵੀਂ ਦਿੱਲੀ, 20 ਨਵੰਬਰ (ਪੰਜਾਬ ਮੇਲ)-ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਐੱਨ.ਸੀ.ਪੀ. ਆਗੂ ਬਾਬਾ ਸਿੱਦੀਕੀ ਦੇ ਕਤਲ ਦੇ ਮੁਲਜ਼ਮ ਅਨਮੋਲ ਬਿਸ਼ਨੋਈ ਨੂੰ 11 ਦਿਨਾਂ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਹਿਰਾਸਤ ਵਿਚ ਭੇਜ ਦਿੱਤਾ ਹੈ।
ਐੱਨ.ਆਈ.ਏ. ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਤੇ ਕਰੀਬੀ ਸਾਥੀ ਅਨਮੋਲ ਨੂੰ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਬੁੱਧਵਾਰ ਸ਼ਾਮ ਕਰੀਬ 5 ਵਜੇ ਸਖ਼ਤ ਸੁਰੱਖਿਆ ਹੇਠ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ।
ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਏਜੰਸੀ ਦੀ 15 ਦਿਨਾਂ ਦੇ ਰਿਮਾਂਡ ਦੀ ਅਪੀਲ ‘ਤੇ ਸੁਣਵਾਈ ਕਰਦਿਆਂ ਅਨਮੋਲ ਨੂੰ 11 ਦਿਨਾਂ ਦੀ ਐੱਨ.ਆਈ.ਏ. ਹਿਰਾਸਤ ਵਿਚ ਭੇਜ ਦਿੱਤਾ। ਹੁਣ ਉਸ ਨੂੰ 29 ਨਵੰਬਰ ਨੂੰ ਅਦਾਲਤ ਵਿਚ ਦੁਬਾਰਾ ਪੇਸ਼ ਕੀਤਾ ਜਾਵੇਗਾ।
ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਐੱਸ.ਪੀ.ਪੀ. ਰਾਹੁਲ ਤਿਆਗੀ ਨੇ ਕਿਹਾ, ”ਉਹ ਅੱਤਵਾਦੀ-ਗੈਂਗਸਟਰ ਸਿੰਡੀਕੇਟ ਦਾ ਬਹੁਤ ਮਹੱਤਵਪੂਰਨ ਮੈਂਬਰ ਹੈ। ਉਸ ਕੋਲ ਕੁਝ ਬਹੁਤ ਜ਼ਰੂਰੀ ਜਾਣਕਾਰੀ ਹੈ। ਉਹ ਸਿੰਡੀਕੇਟ ਨੂੰ ਚਲਾ ਰਿਹਾ ਸੀ ਅਤੇ ਇਕ ਮੁੱਖ ਮੈਂਬਰ ਸੀ।”
ਐੱਨ.ਆਈ.ਏ. ਨੇ ਉਸਦੇ ਕੰਮ ਕਰਨ ਦੇ ਢੰਗ, ਫੰਡਾਂ ਦੇ ਸਰੋਤ, ਹੋਰ ਲੋਕਾਂ ਦੀ ਸ਼ਮੂਲੀਅਤ ਅਤੇ ਸਿੰਡੀਕੇਟ ਦੇ ਸੰਚਾਲਨ ਦਾ ਪਤਾ ਲਗਾਉਣ ਲਈ ਉਸ ਦਾ ਰਿਮਾਂਡ ਮੰਗਿਆ ਸੀ।
ਉਨ੍ਹਾਂ ਕਿਹਾ, ”ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਭਾਰਤ ਤੋਂ ਕਿਵੇਂ ਭੱਜਿਆ ਸੀ।”
ਅਦਾਲਤ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਤਾਇਨਾਤ ਸੀ, ਜਿਸ ਵਿਚ ਆਰ.ਏ.ਐੱਫ. (ਰੈਪਿਡ ਐਕਸ਼ਨ ਫੋਰਸ) ਵੀ ਸ਼ਾਮਲ ਸੀ। ਮੀਡੀਆ ਕਰਮਚਾਰੀਆਂ ਨੂੰ ਅਦਾਲਤੀ ਕਾਰਵਾਈ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਤੋਂ ਪਹਿਲਾਂ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਤੇ ਕਰੀਬੀ ਸਾਥੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਹੁੰਦੇ ਹੀ ਗ੍ਰਿਫ਼ਤਾਰ ਕਰ ਲਿਆ ਸੀ। ਐੱਨ.ਆਈ.ਏ. ਨੇ ਇਕ ਤਸਵੀਰ ਜਾਰੀ ਕਰਕੇ ਇਸਦੀ ਪੁਸ਼ਟੀ ਕੀਤੀ ਸੀ। ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਲੈ ਕੇ ਜਾਣ ਵਾਲੀ ਉਡਾਣ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈ.ਜੀ.ਆਈ.) ‘ਤੇ ਉਤਰੀ।
ਦੱਸ ਦਈਏ ਕਿ ਅਨਮੋਲ ਬਿਸ਼ਨੋਈ 2022 ਤੋਂ ਫਰਾਰ ਸੀ ਅਤੇ ਐੱਨ.ਆਈ.ਏ. ਦੀ ਚੱਲ ਰਹੀ ਜਾਂਚ ਵਿਚ ਗ੍ਰਿਫ਼ਤਾਰ ਕੀਤਾ ਗਿਆ 19ਵਾਂ ਮੁਲਜ਼ਮ ਹੈ। ਮਾਰਚ 2023 ਵਿਚ, ਐੱਨ.ਆਈ.ਏ. ਨੇ ਇਸ ਮਾਮਲੇ ਵਿਚ ਇਕ ਚਾਰਜਸ਼ੀਟ ਦਾਇਰ ਕੀਤੀ, ਜਿਸ ਵਿਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਅਨਮੋਲ ਨੇ 2020 ਅਤੇ 2023 ਦੇ ਵਿਚਕਾਰ ਦੇਸ਼ ਭਰ ਵਿਚ ਕਈ ਵੱਡੇ ਅਪਰਾਧਾਂ ਵਿਚ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਸਹਾਇਤਾ ਕੀਤੀ ਸੀ।
ਜਾਂਚ ਦੇ ਅਨੁਸਾਰ, ਅਨਮੋਲ ਅਮਰੀਕਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਲਈ ਇਕ ਅੱਤਵਾਦੀ ਸਿੰਡੀਕੇਟ ਚਲਾਉਂਦਾ ਸੀ। ਉਸਨੇ ਗੈਂਗ ਦੇ ਮੈਂਬਰਾਂ ਨੂੰ ਪਨਾਹ, ਪੈਸਾ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ। ਉਹ ਵਿਦੇਸ਼ੀ ਧਰਤੀ ਤੋਂ ਭਾਰਤ ਵਿਚ ਧਮਕੀਆਂ ਅਤੇ ਜਬਰੀ ਵਸੂਲੀ ਵਿਚ ਵੀ ਸ਼ਾਮਲ ਸੀ।
ਅਨਮੋਲ ਬਿਸ਼ਨੋਈ ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿਚ ਦੋਸ਼ੀ ਹੈ, ਜਿਸ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ, ਮੁੰਬਈ ਵਿਚ ਬਾਬਾ ਸਿੱਦੀਕੀ ਕਤਲ ਕੇਸ ਦੀ ਸਾਜ਼ਿਸ਼ ਅਤੇ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟਸ ਵਿਚ ਗੋਲੀਬਾਰੀ ਸ਼ਾਮਲ ਹੈ। ਉਸ ਖਿਲਾਫ ਰਾਜਸਥਾਨ ਦੇ ਜੈਪੁਰ, ਜੋਧਪੁਰ, ਹਨੂੰਮਾਨਗੜ੍ਹ ਅਤੇ ਸ਼੍ਰੀਗੰਗਾਨਗਰ ਜ਼ਿਲ੍ਹਿਆਂ ਵਿਚ ਜਬਰੀ ਵਸੂਲੀ ਅਤੇ ਕਤਲ ਦੀ ਕੋਸ਼ਿਸ਼ ਦੇ 21 ਤੋਂ ਵੱਧ ਮਾਮਲੇ ਦਰਜ ਹਨ। ਅਨਮੋਲ ਦੀ ਗ੍ਰਿਫਤਾਰੀ ਨੂੰ ਭਾਰਤ ਵਿਚ ਸੰਗਠਿਤ ਅਪਰਾਧ ਅਤੇ ਅੱਤਵਾਦੀ ਫੰਡਿੰਗ ਦੇ ਗਲੋਬਲ ਨੈੱਟਵਰਕ ਨੂੰ ਖਤਮ ਕਰਨ ਵਿਚ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
‘ਅਨਮੋਲ ਬਿਸ਼ਨੋਈ ਨੂੰ ਭਾਰਤ ‘ਚ ਨਿਸ਼ਾਨਾ ਬਣਾ ਸਕਦੇ ਹਨ ਵਿਰੋਧੀ’
ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਤੋਂ ਬਾਅਦ ਉਸ ਦੇ ਚਚੇਰੇ ਭਰਾ ਰਮੇਸ਼ ਬਿਸ਼ਨੋਈ ਨੇ ਕੇਂਦਰ ਸਰਕਾਰ ਨੂੰ ਅਨਮੋਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਲਾਰੈਂਸ ਬਿਸ਼ਨੋਈ ਦੇ ਪਰਿਵਾਰ ਨੇ ਕਿਹਾ ਕਿ ਉਹ ਕਈ ਵਿਰੋਧੀਆਂ ਤੇ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹੋ ਸਕਦਾ ਹੈ। ਇਸ ਕਰ ਕੇ ਉਸ ਦੀ ਸੁਰੱਖਿਆ ਦੇ ਬਣਦੇ ਇੰਤਜ਼ਾਮ ਕੀਤੇ ਜਾਣ। ਰਮੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਰੋਧੀ ਗਰੋਹ ਦੇ ਮੈਂਬਰ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਰਮੇਸ਼ ਜੋ ਆਲ-ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਦੇ ਉਪ-ਪ੍ਰਧਾਨ ਅਤੇ ਸਭਾ ਦੇ ਯੁਵਾ ਮੋਰਚਾ ਵਿੰਗ ਦੇ ਰਾਸ਼ਟਰੀ ਕਨਵੀਨਰ ਵੀ ਹਨ, ਨੇ ਜ਼ੋਰ ਦੇ ਕੇ ਕਿਹਾ ਕਿ ਇਹ ਭਾਈਚਾਰਾ ਜੰਗਲੀ ਜੀਵਾਂ, ਖਾਸ ਕਰਕੇ ਕਾਲੇ ਹਿਰਨ ਅਤੇ ਦਰੱਖਤਾਂ ਦੀ ਸੁਰੱਖਿਆ ਲਈ ਜਾਣਿਆ ਜਾਂਦਾ ਹੈ। ਇਹ ਭਾਈਚਾਰਾ ਕਾਨੂੰਨ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਐੱਨ.ਸੀ.ਪੀ. ਆਗੂ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਵਿਚ ਅਨਮੋਲ ਦੀ ਕਥਿਤ ਸ਼ਮੂਲੀਅਤ ਅਤੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਵਿਚ ਸ਼ਮੂਲੀਅਤ ਬਾਰੇ ਅਦਾਲਤ ਵੱਲੋਂ ਜੋ ਵੀ ਫੈਸਲਾ ਸੁਣਾਇਆ ਜਾਵੇਗਾ, ਉਸ ਦਾ ਸਾਰਿਆਂ ਵੱਲੋਂ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਮੁੜ ਕਿਹਾ ਕਿ ਜਾਂਚ ਵਿਚ ਸਭ ਕੁਝ ਸਪੱਸ਼ਟ ਹੋ ਜਾਵੇਗਾ ਤੇ ਉਹ ਇਸ ਮਾਮਲੇ ਵਿਚ ਸਰਕਾਰ ਨੂੰ ਹਰ ਸਹਿਯੋਗ ਦੇਣ ਲਈ ਤਿਆਰ ਹਨ।
ਦਿੱਲੀ ਅਦਾਲਤ ਨੇ ਅਨਮੋਲ ਬਿਸ਼ਨੋਈ ਨੂੰ 11 ਦਿਨਾਂ ਦੇ ਰਿਮਾਂਡ ‘ਤੇ ਭੇਜਿਆ

